ਪਾਕਿ ਦੌਰੇ ਦੌਰਾਨ ਸ੍ਰੀਲੰਕਾ ਦਾ ਕਪਤਾਨ ਤੇ ਤੇਜ਼ ਗੇਂਦਬਾਜ਼ ਬਿਮਾਰ; ਵਤਨ ਪਰਤਣਗੇ
ਸ੍ਰੀਲੰਕਾ ਨੇ ਦਾਸੁਨ ਸ਼ਨਾਕਾ ਨੂੰ ਟੀ-20 ਤਿਕੋਨੀ ਲਡ਼ੀ ਲੲੀ ਕਪਤਾਨ ਨਿਯੁਕਤ ਕੀਤਾ
ਸ੍ਰੀਲੰਕਾ ਕ੍ਰਿਕਟ ਬੋਰਡ ਨੇ ਅੱਜ ਦੱਸਿਆ ਕਿ ਸ੍ਰੀਲੰਕਾ ਦੇ ਦੋ ਸੀਨੀਅਰ ਖਿਡਾਰੀ ਬਿਮਾਰ ਹੋ ਗਏ ਹਨ ਜਿਸ ਕਰ ਕੇ ਉਹ ਦੌਰਾ ਵਿਚਾਲੇ ਛੱਡ ਕੇ ਵਾਪਸ ਪਰਤਣਗੇ। ਬਿਮਾਰ ਹੋਣ ਵਾਲੇ ਖਿਡਾਰੀਆਂ ਵਿਚ ਸ੍ਰੀਲੰਕਾ ਦਾ ਕਪਤਾਨ ਚਰਿਤ ਅਸਲੰਕਾ ਤੇ ਤੇਜ਼ ਗੇਂਦਬਾਜ਼ ਅਸਿਥ ਫਰਨਾਡੋ ਹਨ। ਸ੍ਰੀਲੰਕਾ ਨੇ ਪਾਕਿਸਤਾਨ ਤੇ ਜ਼ਿੰਬਾਬਵੇ ਖ਼ਿਲਾਫ਼ ਹਾਲੇ ਟੀ-20 ਤਿਕੋਨੀ ਲੜੀ ਖੇਡਣੀ ਹੈ। ਇਹ ਪਤਾ ਲੱਗਿਆ ਹੈ ਕਿ ਸ੍ਰੀਲੰਕਾ ਨੇ ਦਾਸੁਨ ਸ਼ਨਾਕਾ ਨੂੰ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਟੀਮ ਵਿਚ ਤੇਜ਼ ਗੇਂਦਬਾਜ਼ ਫਰਨਾਡੋ ਦੀ ਥਾਂ ਪਵਨ ਰਤਨਾਇਕੇ ਨੂੰ ਸ਼ਾਮਲ ਕੀਤਾ ਗਿਆ ਹੈ। ਸ੍ਰੀਲੰਕਾ ਬੋਰਡ ਨੇ ਬਿਮਾਰੀ ਬਾਰੇ ਖੁਲਾਸਾ ਨਹੀਂ ਕੀਤਾ। ਬੋਰਡ ਨੇ ਕਿਹਾ ਕਿ ਇਹ ਫੈਸਲਾ ਖਿਡਾਰੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ।
ਇਸ ਤੋਂ ਪਹਿਲਾਂ ਇਸਲਾਮਾਬਾਦ ਵਿਚ ਬੰਬ ਧਮਾਕਾ ਹੋ ਗਿਆ ਸੀ ਤੇ ਟੀਮ ਦੇ ਕਈ ਖਿਡਾਰੀ ਸੁਰੱਖਿਆ ਕਾਰਨਾਂ ਕਰ ਕੇ ਵਤਨ ਪਰਤਣਾ ਚਾਹੁੰਦੇ ਸਨ ਪਰ ਪਾਕਿਸਤਾਨ ਨੇ ਖਿਡਾਰੀਆਂ ਦੀ ਸੁਰੱਖਿਆ ਦਾ ਭਰੋਸਾ ਦੇ ਕੇ ਫੌਜ ਤਾਇਨਾਤ ਕਰ ਦਿੱਤੀ ਜਿਸ ਕਾਰਨ ਮਹਿਮਾਨ ਟੀਮ ਨੇ ਪਾਕਿਸਤਾਨ ਵਿਚ ਰੁਕਣ ਦਾ ਫੈਸਲਾ ਕੀਤਾ। ਇਹ ਵੀ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਵਿਚ ਮਾਹੌਲ ਸ਼ਾਜਗਾਰ ਨਹੀਂ ਹੈ ਜਿਸ ਕਰ ਕੇ ਬੀਤੇ ਸਮੇਂ ਵਿਚ ਕਈ ਟੀਮਾਂ ਨੇ ਪਾਕਿਸਤਾਨ ਦਾ ਦੌਰਾ ਨਾ ਕਰਨ ਦਾ ਫੈਸਲਾ ਕੀਤਾ ਸੀ।

