ਭਾਰਤ ਦੀ ਸਿਖਰਲੀ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਯੋਕੋਹਾਮਾ ਵਿੱਚ ਹੋਏ ਜਪਾਨ ਓਪਨ ਫਾਈਨਲ ਵਿੱਚ ਮਿਸਰ ਦੀ ਹਯਾ ਅਲੀ ਨੂੰ ਚਾਰ ਗੇਮਾਂ ਵਿੱਚ ਹਰਾ ਕੇ ਆਪਣਾ 11ਵਾਂ ਪੀ ਐੱਸ ਏ ਟੂਰ ਖਿਤਾਬ ਜਿੱਤ ਲਿਆ ਹੈ। ਦੁਨੀਆ ਦੀ ਸਾਬਕਾ ਨੰਬਰ 10 ਭਾਰਤੀ ਖਿਡਾਰਨ ਨੇ 15,000 ਅਮਰੀਕੀ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਇਸ ਚੈਲੰਜਰ ਟੂਰਨਾਮੈਂਟ ਦੇ ਫਾਈਨਲ ਵਿੱਚ ਤੀਜਾ ਦਰਜਾ ਪ੍ਰਾਪਤ ਮਿਸਰ ਦੀ ਖਿਡਾਰਨ ਨੂੰ 38 ਮਿੰਟਾਂ ਵਿੱਚ 11-5, 11-9, 6-11, 11-8 ਨਾਲ ਮਾਤ ਦਿੱਤੀ। ਪੁਰਸ਼ ਵਰਗ ਵਿੱਚ ਮੌਜੂਦਾ ਕੌਮੀ ਚੈਂਪੀਅਨ ਅਤੇ ਦੁਨੀਆ ਦਾ 29ਵੇਂ ਨੰਬਰ ਦਾ ਖਿਡਾਰੀ ਅਭੈ ਸਿੰਘ ਬੀਤੇ ਦਿਨ ਰੈੱਡਵੁੱਡ ਸਿਟੀ (ਅਮਰੀਕਾ) ਵਿੱਚ ਚੱਲ ਰਹੇ 1,30,500 ਡਾਲਰ ਇਨਾਮੀ ਰਾਸ਼ੀ ਵਾਲੇ ਪੀ ਐੱਸ ਏ ਗੋਲਡ ਈਵੈਂਟ ਸਿਲੀਕਾਨ ਵੈਲੀ ਓਪਨ ਦੇ ਰਾਊਂਡ ਆਫ-16 ਦੇ ਮੈਚ ਵਿੱਚ ਫਰਾਂਸ ਦੇ ਵਿਕਟਰ ਕਰੂਇਨ ਹੱਥੋਂ 4-11, 2-11, 1-11 ਨਾਲ ਹਾਰ ਗਿਆ ਸੀ।