ਲੰਡਨ, 14 ਜੁਲਾਈ
ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ’ਤੇ ਇੱਥੇ ਲਾਰਡਜ਼ ਵਿੱਚ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਦੇ ਸਲਾਮੀ ਬੱਲੇਬਾਜ਼ ਬੇਨ ਡਕੇਟ ਦੀ ਵਿਕਟ ਲੈਣ ਮਗਰੋਂ ਹਮਲਾਵਰ ਪ੍ਰਤੀਕਿਰਿਆ ਕਾਰਨ ਅੱਜ ਮੈਚ ਫੀਸ ਦਾ 15 ਫ਼ੀਸਦ ਜੁਰਮਾਨਾ ਲਗਾਇਆ ਗਿਆ। ਨਾਲ ਹੀ ਉਸਦੇ ਖਾਤੇ ਵਿੱਚ ਇੱਕ ਡੀਮੈਰਿਟ ਅੰਕ ਵੀ ਜੋੜ ਦਿੱਤਾ ਗਿਆ। ਸਿਰਾਜ ਨੇ ਇਸ ਟੈਸਟ ਵਿੱਚ ਚਾਰ ਵਿਕਟਾਂ ਲਈਆਂ ਹਨ। ਉਸ ਨੂੰ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੇ ਜ਼ਾਬਤੇ ਦੀ ਧਾਰਾ 2.5 ਦੀ ਉਲੰਘਣਾ ਦਾ ਦੋਸ਼ੀ ਕਰਾਰ ਦਿੱਤਾ ਗਿਆ। ਇਹ ਧਾਰਾ ਕਿਸੇ ਕੌਮਾਂਤਰੀ ਮੈਚ ਦੌਰਾਨ ਬੱਲੇਬਾਜ਼ ਨੂੰ ਆਊਟ ਕਰਨ ਮਗਰੋਂ ਉਸ ਖ਼ਿਲਾਫ਼ ਦਿਖਾਈ ਗਈ ਹਮਲਾਵਰ ਪ੍ਰਤੀਕਿਰਿਆ ਨਾਲ ਸਬੰਧਤ ਹੈ। ਸਿਰਾਜ ਨੇ ਐਤਵਾਰ ਨੂੰ ਇੰਗਲੈਂਡ ਦੀ ਦੂਜੀ ਪਾਰੀ ਵਿੱਚ ਡਕੇਟ ਨੂੰ 12 ਦੌੜਾਂ ’ਤੇ ਆਊਟ ਕਰਨ ਮਗਰੋਂ ਉਸ ਪ੍ਰਤੀ ਹਮਲਾਵਰ ਰਵੱਈਆ ਅਪਣਾਇਆ ਅਤੇ ਉਸਦੇ ਮੋਢੇ ਨਾਲ ਮੋਢਾ ਵੀ ਟਕਰਾਇਆ। ਆਈਸੀਸੀ ਨੇ ਇੱਕ ਬਿਆਨ ਵਿੱਚ ਕਿਹਾ, ‘‘ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ’ਤੇ ਲਾਰਡਜ਼ ਵਿੱਚ ਇੰਗਲੈਂਡ ਖ਼ਿਲਾਫ਼ ਟੈਸਟ ਮੈਚ ਦੌਰਾਨ ਆਈਸੀਸੀ ਜ਼ਾਬਤੇ ਦੀ ਉਲੰਘਣਾ ਮਗਰੋਂ ਮੈਚ ਫ਼ੀਸ ਦਾ 15 ਫ਼ੀਸਦ ਜੁਰਮਾਨਾ ਲਗਾਇਆ ਗਿਆ ਹੈ।’’ -ਪੀਟੀਆਈ