ਲੰਡਨ, 14 ਜੁਲਾਈ
ਸਿਖਰਲਾ ਦਰਜਾ ਪ੍ਰਾਪਤ ਖਿਡਾਰੀ ਯਾਨਿਕ ਸਿਨਰ ਨੇ ਇੱਥੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਦੋ ਵਾਰ ਦੇ ਮੌਜੂਦਾ ਚੈਂਪੀਅਨ ਕਾਰਲੋਸ ਅਲਕਾਰਾਜ਼ ਨੂੰ 4-6, 6-4, 6-4, 6-4 ਨਾਲ ਹਰਾ ਕੇ ਆਪਣਾ ਪਲੇਠਾ ਵਿੰਬਲਡਨ ਅਤੇ ਚੌਥਾ ਗਰੈਂਡ ਸਲੈਮ ਖ਼ਿਤਾਬ ਜਿੱਤ ਲਿਆ। ਹੁਣ ਸਿਨਰ ਦੂਜਾ ਦਰਜਾ ਪ੍ਰਾਪਤ ਸਪੈਨਿਸ਼ ਖਿਡਾਰੀ ਅਲਕਾਰਾਜ਼ ਦੇ ਕੁੱਲ ਗਰੈਂਡ ਸਲੈਮ ਖ਼ਿਤਾਬਾਂ ਦੀ ਬਰਾਬਰੀ ਤੋਂ ਇੱਕ ਕਦਮ ਦੂਰ ਹੈ।
ਇਸ ਜਿੱਤ ਦੇ ਨਾਲ ਹੀ ਸਿਨਰ ਨੇ 22 ਸਾਲਾ ਅਲਕਾਰਾਜ਼ ਦੇ ਲਗਾਤਾਰ ਖ਼ਿਤਾਬ ਜਿੱਤਣ ਦੇ ਸਿਲਸਿਲੇ ਨੂੰ ਵੀ ਤੋੜ ਦਿੱਤਾ। ਅਲਕਾਰਾਜ਼ ਨੇ ਸਿਨਰ ਖ਼ਿਲਾਫ਼ ਪੰਜ ਮੁਕਾਬਲੇ ਜਿੱਤੇ ਸਨ। ਦੋਵਾਂ ਦਰਮਿਆਨ ਹਾਲ ਹੀ ਵਿੱਚ 8 ਜੂਨ ਨੂੰ ਰੋਲਾਂ ਗੈਰਾਂ ਵਿੱਚ ਮੁਕਾਬਲਾ ਲਗਪਗ ਸਾਢੇ ਪੰਜ ਘੰਟੇ ਤੱਕ ਚੱਲਿਆ ਸੀ, ਜੋ ਪੰਜ ਸੈੱਟਾਂ ਤੱਕ ਖਿੱਚਿਆ ਗਿਆ। ਵਿੰਬਲਡਨ ਵਿੱਚ ਪਿਛਲੀ ਵਾਰ ਅਲਕਾਰਾਜ਼ ਨੂੰ ਹਰਾਉਣ ਵਾਲਾ ਖਿਡਾਰੀ ਸਿਨਰ ਹੀ ਸੀ। ਉਸ ਨੇ ਅਲਕਾਰਾਜ਼ ਨੂੰ 2022 ਵਿੱਚ ਚੌਥੇ ਗੇੜ ਵਿੱਚ ਸ਼ਿਕਸਤ ਦਿੱਤੀ ਸੀ। ਇਹ ਸਿਨਰ ਲਈ ਇੱਕ ਯਾਦਗਾਰੀ ਜਿੱਤ ਸਾਬਤ ਹੋਈ। -ਏਪੀ
ਕੁਦਰਮੈਤੋਵਾ-ਮਰਟੈਂਸ ਦੀ ਜੋੜੀ ਬਣੀ ਵਿੰਬਲਡਨ ਮਹਿਲਾ ਡਬਲਜ਼ ਚੈਂਪੀਅਨ
ਲੰਡਨ: ਵੈਰੋਨਿਕਾ ਕੁਦਰਮੈਤੋਵਾ ਅਤੇ ਐਲਿਸ ਮਰਟੈਂਸ ਦੀ ਜੋੜੀ ਨੇ ਫਾਈਨਲ ਵਿੱਚ ਹਸੀਹ ਸੂ-ਵੇਈ ਅਤੇ ਯੈਲੇਨਾ ਓਸਟਾਪੈਂਕੋ ਨੂੰ 3-6, 6-2, 6-4 ਨਾਲ ਹਰਾ ਕੇ ਵਿੰਬਲਡਨ ਮਹਿਲਾ ਡਬਲਜ਼ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਕੁਦਰਮੈਤੋਵਾ ਪਹਿਲੀ ਵਾਰ ਗਰੈਂਡ ਸਲੈਮ ਚੈਂਪੀਅਨ ਬਣੀ, ਜਦੋਂਕਿ ਮਰਟੈਂਸ ਦਾ ਇਹ ਪੰਜਵਾਂ ਗਰੈਂਡ ਸਲੈਮ ਅਤੇ ਦੂਜਾ ਵਿੰਬਲਡਨ ਡਬਲਜ਼ ਖ਼ਿਤਾਬ ਹੈ। ਕੁਦਰਮੈਤੋਵਾ ਅਤੇ ਮਰਟੈਂਸ 2021 ਦੇ ਫਾਈਨਲ ਵਿੱਚ ਇੱਕ-ਦੂਜੇ ਨਾਲ ਭਿੜੀਆਂ ਸਨ, ਪਰ ਇਸ ਸਾਲ ਵਿੰਬਲਡਨ ਵਿੱਚ ਪਹਿਲੀ ਵਾਰ ਇਕੱਠੀਆਂ ਖੇਡ ਰਹੀਆਂ ਸਨ। -ਏਪੀ