ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਯਾਨਿਕ ਸਿਨਰ ਨੇ ਆਪਣੇ ਰਵਾਇਤੀ ਵਿਰੋਧੀ ਕਾਰਲੋਸ ਅਲਕਰਾਜ਼ ਨੂੰ 7-6 (4), 7-5 ਨਾਲ ਹਰਾ ਕੇ ਏ ਟੀ ਪੀ ਫਾਈਨਲਜ਼ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਬਰਕਰਾਰ ਰੱਖਿਆ ਹੈ। ਇਹ ਇਸ ਸਾਲ ਪੁਰਸ਼ ਟੈਨਿਸ ਵਿੱਚ ਦਬਦਬਾ ਬਣਾ ਕੇ ਰੱਖਣ ਵਾਲੇ ਇਨ੍ਹਾਂ ਦੋਵਾਂ ਖਿਡਾਰੀਆਂ ਦਰਮਿਆਨ ਛੇਵੀਂ ਟੱਕਰ ਸੀ। ਇਟਲੀ ਦੇ ਸਿਨਰ ਨੇ ਆਪਣੇ ਘਰੇਲੂ ਪ੍ਰਸ਼ੰਸਕਾਂ ਸਾਹਮਣੇ ਖ਼ਿਤਾਬ ਦਾ ਬਚਾਅ ਕਰਦਿਆਂ ਇਸ ਸਾਲ ਅਲਕਰਾਜ਼ ’ਤੇ ਦੂਜੀ ਵਾਰ ਜਿੱਤ ਦਰਜ ਕੀਤੀ। ਉਸਨੇ ਪਹਿਲਾਂ ਵਿੰਬਲਡਨ ਫਾਈਨਲ ਵਿੱਚ ਸਪੈਨਿਸ਼ ਖਿਡਾਰੀ ਨੂੰ ਸ਼ਿਕਸਤ ਦਿੱਤੀ ਸੀ। ਇਸ ਸਾਲ ਦੋ ਗਰੈਂਡ ਸਲੈਮ ਖਿਤਾਬ ਜਿੱਤਣ ਵਾਲੇ ਸਿਨਰ ਨੇ ਕਿਹਾ, ‘‘ਇਹ ਸ਼ਾਨਦਾਰ ਸੀਜ਼ਨ ਰਿਹਾ। ਆਪਣੇ ਇਤਾਲਵੀ ਪ੍ਰਸ਼ੰਸਕਾਂ ਸਾਹਮਣੇ ਇਸ ਨੂੰ ਅਜਿਹੇ ਢੰਗ ਨਾਲ ਖਤਮ ਕਰਨਾ ਮੇਰੇ ਲਈ ਕਾਫ਼ੀ ਖ਼ਾਸ ਹੈ।’’
ਅਲਕਰਾਜ਼ ਸਾਲ ਦੇ ਅਖ਼ੀਰ ਵਿੱਚ ਪਹਿਲਾਂ ਹੀ ਵਿਸ਼ਵ ਦੇ ਅੱਵਲ ਨੰਬਰ ਦੀ ਦਰਜਾਬੰਦੀ ਹਾਸਲ ਕਰ ਚੁੱਕਾ ਹੈ। ਉਹ ਸਾਲ ਦੇ ਸਿਖਰਲੇ ਅੱਠ ਖਿਡਾਰੀਆਂ ਦਰਮਿਆਨ ਖੇਡੇ ਗਏ ਇਸ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਫਾਈਨਲ ਖੇਡ ਰਿਹਾ ਸੀ। ਅਲਕਰਾਜ਼ ਹਾਲੇ ਵੀ ਸਿਨਰ ਨਾਲ ਆਪਣੇ ਕਰੀਅਰ ਮੁਕਾਬਲਿਆਂ ਵਿੱਚ 10-6 ਨਾਲ ਅੱਗੇ ਹੈ। ਇਹ ਦੋਵੇਂ ਖਿਡਾਰੀ ਪਿਛਲੇ ਤਿੰਨ ਗਰੈਂਡ ਸਲੈਮ ਫਾਈਨਲ ਵਿੱਚ ਆਹਮੋ-ਸਾਹਮਣੇ ਰਹਿ ਚੁੱਕੇ ਹਨ। ਅਲਕਰਾਜ਼ ਨੇ ਸਿਨਰ ਨੂੰ ਪੰਜਵੇਂ ਸੈੱਟ ਦੇ ਟਾਈਬ੍ਰੇਕਰ ਵਿੱਚ ਹਰਾ ਕੇ ਫਰੈਂਚ ਓਪਨ ਜਿੱਤਿਆ ਸੀ। ਸਿਨਰ ਨੇ ਵਿੰਬਲਡਨ ਵਿੱਚ ਬਦਲਾ ਲੈ ਲਿਆ ਸੀ। ਅਲਕਰਾਜ਼ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਤੁਸੀਂ (ਸਿਨਰ) ਅਗਲੇ ਸਾਲ ਲਈ ਤਿਆਰ ਰਹੋਗੇ ਕਿਉਂਕਿ ਮੈਂ ਤੁਹਾਡੇ ਖ਼ਿਲਾਫ਼ ਹੋਰ ਫਾਈਨਲ ਖੇਡਣ ਲਈ ਤਿਆਰ ਰਹਾਂਗਾ।’’ ਇਸ ਦੌਰਾਨ ਹੈਰੀ ਹੈਲੀਓਵਾਰਾ ਤੇ ਹੈਨਰੀ ਪੈਟਨ ਨੇ ਡਬਲਜ਼ ਦੇ ਫਾਈਨਲ ਵਿੱਚ ਜੋਅ ਸੈਲਿਸਬਰੀ ਤੇ ਨੀਲ ਸਕੁਪਸਕਾਈ ਦੀ ਜੋੜੀ ਨੂੰ 7-5, 6-3 ਨਾਲ ਹਰਾਇਆ।

