ਵਿਸ਼ਵ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਦੌੜਾਕ ਸਿਮਰਨ ਸ਼ਰਮਾ ਦੇ ਆਪਣੇ ਤਗਮੇ ਗੁਆਉਣ ਦੀ ਸੰਭਾਵਨਾ ਹੈ ਕਿਉਂਕਿ ਉਸ ਦੇ ਗਾਈਡ ਉਮਰ ਸੈਫੀ ਨੂੰ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਵੱਲੋਂ ਡੋਪ ਟੈਸਟ ਵਿੱਚ ਅਸਫ਼ਲ ਰਹਿਣ ਕਾਰਨ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ।ਸੈਫੀ, ਜੋ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੋਂ ਨੇਤਰਹੀਣ ਸਿਮਰਨ ਦੀ ਗਾਈਡ ਰਿਹਾ ਹੈ, ਦਾ Drostanolone ਲਈ ਟੈਸਟ ਪਾਜ਼ੇਟਿਵ ਆਇਆ ਹੈ। ਇਹ ਇੱਕ ਪਾਬੰਦੀਸ਼ੁਦਾ ਐਨਾਬੋਲਿਕ ਸਟੀਰੌਇਡ ਹੈ, ਜੋ ਮਾਸਪੇਸ਼ੀਆਂ ਦੀ ਤਾਕਤ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ।ਸਿਮਰਨ ਨੇ 7 ਸਤੰਬਰ ਨੂੰ ਦਿੱਲੀ ਸਟੇਟ ਓਪਨ ਵਿੱਚ 200 ਮੀਟਰ ਸੋਨ ਤਗ਼ਮਾ ਜਿੱਤਿਆ, ਜਿੱਥੇ ਸੰਭਾਵੀ ਤੌਰ ’ਤੇ ਇਹ ਡੋਪ ਟੈਸਟ ਕੀਤਾ ਗਿਆ ਸੀ।ਸੈਫੀ ਦਾ ਨਾਮ ਸ਼ੁੱਕਰਵਾਰ ਨੂੰ ਨਾਡਾ ਦੁਆਰਾ ਜਾਰੀ ਅਸਥਾਈ ਤੌਰ ’ਤੇ ਮੁਅੱਤਲ ਕੀਤੇ ਗਏ ਐਥਲੀਟਾਂ ਦੀ ਅਪਡੇਟ ਕੀਤੀ ਸੂਚੀ ਵਿੱਚ ਦਿਖਾਈ ਦੇ ਰਿਹਾ ਹੈ। ਉਹ ਇਸ ਖ਼ਿਲਾਫ਼ ਅਪੀਲ ਕਰ ਸਕਦਾ ਹੈ ਅਤੇ ‘ਬੀ’ ਨਮੂਨਾ ਟੈਸਟ ਦੀ ਮੰਗ ਕਰ ਸਕਦਾ ਹੈ।ਇਹ ਸਪੱਸ਼ਟ ਨਹੀਂ ਹੈ ਕਿ 27 ਸਤੰਬਰ ਤੋਂ 5 ਅਕਤੂਬਰ ਤੱਕ ਹੋਈ ਵਿਸ਼ਵ ਚੈਂਪੀਅਨਸ਼ਿਪ ਤੋਂ ਪਹਿਲਾਂ ਉਸ ਦਾ ਨਾਮ NADA ਦੀ ਵੈੱਬਸਾਈਟ ’ਤੇ ਕਿਉਂ ਨਹੀਂ ਆਇਆ।100 ਮੀਟਰ T12 ਸੋਨ ਤਗ਼ਮੇ ਤੋਂ ਇਲਾਵਾ ਸਿਮਰਨ ਨੇ ਪਹਿਲੀ ਵਾਰ ਭਾਰਤ ਵਿੱਚ ਹੋਏ ਇਸ ਮੁਕਾਬਲੇ ਦੌਰਾਨ 200 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਵੀ ਜਿੱਤਿਆ। 100 ਮੀਟਰ ਸੋਨ ਤਗ਼ਮਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਉਸ ਦਾ ਲਗਾਤਾਰ ਦੂਜਾ ਸਿਖਰਲਾ ਸਥਾਨ ਸੀ।ਕੌਮਾਂਤਰੀ ਪੈਰਾਲੰਪਿਕ ਕਮੇਟੀ ਦੇ ਨਿਯਮਾਂ ਮੁਤਾਬਕ ਜੇਕਰ ਸੈਫੀ ਆਪਣੀ ਬੇਗੁਨਾਹੀ ਸਾਬਤ ਕਰਨ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਸਿਮਰਨ ਆਪਣਾ ਤਗ਼ਮਾ ਗੁਆ ਸਕਦੀ ਹੈ।ਇੰਡੀਅਨ ਪੈਰਾ ਅਥਲੈਟਿਕਸ ਦੇ ਚੇਅਰਮੈਨ ਸੱਤਿਆਨਾਰਾਇਣ ਨੇ ਦੱਸਿਆ, ‘‘ਹਾਂ, ਸਿਮਰਨ ਅਤੇ ਭਾਰਤ ਦੇ ਦੋਵੇਂ ਤਗ਼ਮੇ ਗੁਆਉਣ ਦੀ ਵੱਡੀ ਸੰਭਾਵਨਾ ਹੈ। ਗਾਈਡ ਨੂੰ ਵੀ ਇੱਕ ਐਥਲੀਟ ਅਤੇ ਈਵੈਂਟ ਦਾ ਹਿੱਸਾ ਮੰਨਿਆ ਜਾਂਦਾ ਹੈ। ਗਾਈਡ ਨੂੰ ਇੱਕ ਤਗ਼ਮਾ ਅਤੇ ਸਰਟੀਫਿਕੇਟ ਵੀ ਮਿਲਦਾ ਹੈ ਹਾਲਾਂਕਿ ਸਿਰਫ ਐਥਲੀਟ ਦਾ ਤਗ਼ਮਾ ਹੀ ਗਿਣਿਆ ਜਾਂਦਾ ਹੈ।ਸਿਮਰਨ ਪਿਛਲੇ ਸਾਲ ਪੈਰਿਸ ਪੈਰਾਲੰਪਿਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਪ੍ਰਸਿੱਧੀ ਪ੍ਰਾਪਤ ਕੀਤੀ ਸੀ ਪਰ ਉਸ ਸਮੇਂ ਉਸ ਦਾ ਗਾਈਡ ਅਭੈ ਸਿੰਘ ਸੀ।NADA ਦੀ ਅਪਡੇਟ ਕੀਤੀ ਸੂਚੀ ਵਿੱਚ 30 ਨਵੇਂ ਨਾਮ ਸ਼ਾਮਲ ਹਨ, ਜਿਨ੍ਹਾਂ ਵਿੱਚ ਪਹਿਲਵਾਨ ਰੀਤਿਕਾ ਹੁੱਡਾ ਅਤੇ ਦੌੜਾਕ ਐੱਸ ਧਨਲਕਸ਼ਮੀ ਸ਼ਾਮਲ ਹਨ ਅਤੇ ਚਿੰਤਾਜਨਕ ਗੱਲ ਇਹ ਹੈ ਕਿ ਉਨ੍ਹਾਂ ਵਿੱਚੋਂ ਪੰਜ ਨਾਬਾਲਗ (ਦੋ ਪਹਿਲਵਾਨ, ਦੋ ਵੇਟਲਿਫਟਰ ਅਤੇ ਇੱਕ ਕਬੱਡੀ ਖਿਡਾਰੀ) ਹਨ।