Shubman Gill ਸ਼ੁਭਮਨ ਗਿੱਲ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣੇ
ਬਰਮਿੰਘਮ, 3 ਜੁਲਾਈ
Shubman Gill breaks record for highest individual score by India captain in Test cricket historyਭਾਰਤ ਤੇ ਇੰਗਲੈਂਡ ਦਰਮਿਆਨ ਦੂਜਾ ਟੈਸਟ ਮੈਚ ਬਰਮਿੰਘਮ ਦੇ ਅਜਬੈਸਟਨ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਭਾਰਤ ਨੇ ਪਹਿਲੀ ਪਾਰੀ ਵਿਚ 587 ਦੌੜਾਂ ਬਣਾਈਆਂ ਜਦਕਿ ਇੰਗਲੈਂਡ ਨੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 70 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਅੱਜ 269 ਦੌੜਾਂ ਬਣਾ ਕੇ ਆਊਟ ਹੋਇਆ। ਗਿੱਲ ਇਨ੍ਹਾਂ ਦੌੜਾਂ ਨਾਲ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਬਣ ਗਏ ਹਨ ਤੇ ਉਨ੍ਹਾਂ ਨੇ ਵਿਰਾਟ ਕੋਹਲੀ ਦਾ 254 ਦੌੜਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ ਸਾਲ 2019 ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਪੁਣੇ ਵਿਚ ਨਾਬਾਦ 254 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਇਲਾਵਾ ਸ਼ਭਮਨ ਇੰਗਲੈਂਡ ਵਿਚ ਸਭ ਤੋਂ ਵੱਡੀ ਪਾਰੀ ਖੇਡਣ ਵਾਲੇ ਭਾਰਤੀ ਬਣ ਗਏ ਹਨ। ਉਨ੍ਹਾਂ ਸੁਨੀਲ ਗਵਾਸਕਰ ਦਾ 1979 ਦੌਰਾਨ ਓਵਲ ਵਿਚ ਇੰਗਲੈਂਡ ਖ਼ਿਲਾਫ਼ 221 ਦੌੜਾਂ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਕਿਸੇ ਏਸ਼ਿਆਈ ਕਪਤਾਨ ਦਾ ਇੰਗਲੈਂਡ ਵਿੱਚ ਸਰਵੋਤਮ ਪ੍ਰਦਰਸ਼ਨ 193 ਦੌੜਾਂ ਸੀ ਜੋ 2011 ਵਿੱਚ ਸ੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਨੇ ਲਾਡਰਜ਼ ਵਿੱਚ ਬਣਾਏ ਸਨ। ਗਿੱਲ ਨੇ ਦੋਹਰਾ ਸੈਂਕੜਾ ਮਾਰਨ ਲਈ 311 ਗੇਂਦਾਂ ਦਾ ਸਾਹਮਣਾ ਕੀਤਾ। ਉਹ ਹੁਣ ਐੱਮਏਕੇ ਪਟੌਦੀ, ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਮਹਿੰਦਰ ਧੋਨੀ ਨਾਲ ਭਾਰਤ ਲਈ ਦੋਹਰਾ ਸੈਂਕੜਾ ਮਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।