ਇੰਗਲੈਂਡ ’ਚ ਦੋਹਰਾ ਟੈਸਟ ਸੈਂਕੜਾ ਜੜਨ ਵਾਲਾ ਸ਼ੁਭਮਨ ਪਹਿਲਾ ਭਾਰਤੀ ਕਪਤਾਨ
ਬਰਮਿੰਘਮ, 3 ਜੁਲਾਈ
ਸ਼ੁਭਮਨ ਗਿੱਲ ਇੰਗਲੈਂਡ ਵਿੱਚ ਟੈਸਟ ਮੈਚ ਵਿੱਚ ਦੋਹਰਾ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਤੇ ਏਸ਼ਿਆਈ ਕਪਤਾਨ ਬਣ ਗਿਆ ਹੈ। ਉਸ ਨੇ ਅੱਜ ਇੱਥੇ ਐਜਬਸਟਨ ਵਿੱਚ ਦੂਸਰੇ ਟੈਸਟ ਮੈਚ ਦੇ ਦੂਜੇ ਦਿਨ ਇਹ ਕੀਰਤੀਮਾਨ ਸਥਾਪਤ ਕੀਤਾ। ਉਸ ਨੇ 269 ਦੌੜਾਂ ਬਣਾਈਆਂ। ਗਿੱਲ ਇਸ ਦੇ ਨਾਲ ਹੀ ਇੰਗਲੈਂਡ ਦੀ ਧਰਤੀ ’ਤੇ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਭਾਰਤੀ ਬੱਲੇਬਾਜ਼ ਵੀ ਬਣ ਗਿਆ। ਉਸ ਨੇ ਸੁਨੀਲ ਗਾਵਸਕਰ ਨੂੰ ਪਿੱਛੇ ਛੱਡ ਦਿੱਤਾ ਜਿਸ ਨੇ 1979 ਵਿੱਚ ਓਵਲ ਵਿੱਚ 221 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਪਹਿਲਾਂ ਕਿਸੇ ਏਸ਼ਿਆਈ ਕਪਤਾਨ ਦਾ ਇੰਗਲੈਂਡ ਵਿੱਚ ਸਰਵੋਤਮ ਪ੍ਰਦਰਸ਼ਨ 193 ਦੌੜਾਂ ਸੀ ਜੋ 2011 ਵਿੱਚ ਸ੍ਰੀਲੰਕਾ ਦੇ ਤਿਲਕਰਤਨੇ ਦਿਲਸ਼ਾਨ ਨੇ ਲਾਡਰਜ਼ ਵਿੱਚ ਬਣਾਏ ਸਨ। ਗਿੱਲ ਨੇ ਦੋਹਰਾ ਸੈਂਕੜਾ ਮਾਰਨ ਲਈ 311 ਗੇਂਦਾਂ ਦਾ ਸਾਹਮਣਾ ਕੀਤਾ। ਉਹ ਹੁਣ ਐੱਮਏਕੇ ਪਟੌਦੀ, ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਅਤੇ ਮਹਿੰਦਰ ਧੋਨੀ ਨਾਲ ਭਾਰਤ ਲਈ ਦੋਹਰਾ ਸੈਂਕੜਾ ਮਾਰਨ ਵਾਲੇ ਕਪਤਾਨਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਗਿੱਲ ਨੇ 387 ਗੇਂਦਾਂ ’ਤੇ 269 ਦੌੜਾਂ ਦੀ ਪਾਰੀ ਖੇਡੀ। ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 587 ਦੌੜਾਂ ’ਤੇ ਆਊਟ ਹੋ ਗਈ। ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ ਨੇ 87 ਦੌੜਾਂ ਅਤੇ ਰਵਿੰਦਰ ਜਡੇਜਾ ਨੇ 89 ਦੌੜਾਂ ਬਣਾਈਆਂ। -ਪੀਟੀਆਈ