ਨਿਸ਼ਾਨੇਬਾਜ਼ੀ: ਨਰੂਕਾ ਨੇ ਸਕੀਟ ’ਚ ਸੋਨ ਤਗ਼ਮਾ ਜਿੱਤਿਆ
ਭਾਰਤੀ ਨਿਸ਼ਾਨੇਬਾਜ਼ ਅਨੰਤ ਜੀਤ ਸਿੰਘ ਨਰੂਕਾ ਨੇ ਅੱਜ ਇੱਥੇ ਪੁਰਸ਼ ਸਕੀਟ ਫਾਈਨਲ ਵਿੱਚ ਕੁਵੈਤ ਦੇ ਮਨਸੂਰ ਅਲ ਰਸ਼ੀਦੀ ਨੂੰ 57-56 ਨਾਲ ਹਰਾ ਕੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਆਪਣਾ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਸੌਰਭ ਚੌਧਰੀ ਅਤੇ ਸੁਰੁਚੀ ਇੰਦਰ ਸਿੰਘ ਦੀ ਭਾਰਤੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ’ਚ ਚੀਨੀ ਤਾਇਪੇ ਨੂੰ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਦੋਵਾਂ ਨੇ ਲਿਊ ਹੇਂਗ ਯੂ ਅਤੇ ਐੱਸ ਸਿਆਂਗ ਚੇਨ ਨੂੰ 17.9 ਅੰਕਾਂ ਨਾਲ ਹਰਾਇਆ।
ਭਾਰਤੀ ਜੋੜੀ ਕੁਆਲੀਫਾਇੰਗ ਗੇੜ ਵਿੱਚ ਪੰਜਵੇਂ ਸਥਾਨ ’ਤੇ ਰਹੀ ਸੀ। ਸੋਨ ਤਗ਼ਮੇ ਲਈ ਮੁਕਾਬਲਾ ਚੀਨ ਅਤੇ ਦੱਖਣੀ ਕੋਰੀਆ ਵਿਚਾਲੇ ਸੀ। ਇਸ ਵਿੱਚ ਚੀਨ ਨੇ 16-12 ਨਾਲ ਜਿੱਤ ਹਾਸਲ ਕੀਤੀ। ਬਾਕੀ ਚਾਰ ਟੀਮਾਂ ਨੇ ਦੋ ਕਾਂਸੇ ਦੇ ਤਗ਼ਮਿਆਂ ਲਈ ਮੁਕਾਬਲਾ ਕੀਤਾ, ਜਿਸ ਵਿੱਚ ਭਾਰਤ ਨੇ ਪਹਿਲੇ ਕਾਂਸੇ ਦੇ ਤਗ਼ਮੇ ਦੇ ਮੈਚ ਵਿੱਚ ਚੀਨੀ ਤਾਇਪੇ ਨੂੰ ਹਰਾਇਆ ਅਤੇ ਦੂਜੇ ਮੈਚ ਵਿੱਚ ਇਰਾਨ ਨੇ ਵੀਅਤਨਾਮ ਨੂੰ 16-8 ਨਾਲ ਹਰਾਇਆ।
ਇਸ ਸਾਲ ਚਾਰ ਵਿਸ਼ਵ ਕੱਪ ਤਗ਼ਮੇ ਜਿੱਤ ਚੁੱਕੀ ਸੁਰੁਚੀ ਨੇ ਕੁਆਲੀਫਾਇੰਗ ਗੇੜ ਵਿੱਚ ਪਰਫੈਕਟ 100 ਨਾਲ ਸ਼ੁਰੂਆਤ ਕੀਤੀ। ਦੂਜੀ ਕੋਸ਼ਿਸ਼ ਵਿੱਚ ਉਸ ਨੇ 94 ਅਤੇ ਤੀਜੀ ਵਿੱਚ 98 ਦਾ ਸਕੋਰ ਕੀਤਾ। ਚੌਧਰੀ ਦਾ ਸਕੋਰ 95, 96 ਅਤੇ 95 ਰਿਹਾ। ਕਾਂਸੇ ਦੇ ਤਗ਼ਮੇ ਦੇ ਮੈਚ ਪਹਿਲਾਂ 16 ਅੰਕ ਤੱਕ ਪਹੁੰਚਣ ਵਾਲੀ ਟੀਮ ਜਿੱਤ ਜਾਂਦੀ ਹੈ। ਜੂਨੀਅਰ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਵੰਸ਼ਿਕਾ ਚੌਧਰੀ ਅਤੇ ਗੈਵਿਨ ਐਂਥਨੀ ਦੀ ਭਾਰਤੀ ਜੋੜੀ ਨੇ ਕਿਮ ਯੇਜਿਨ ਅਤੇ ਕਿਮ ਡੀ ਦੀ ਕੋਰੀਆਈ ਜੋੜੀ ਨੂੰ 16-14 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਭਾਰਤੀ ਟੀਮ ਕੁਆਲੀਫਿਕੇਸ਼ਨ ਵਿੱਚ 578 ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ, ਜਿਸ ਵਿੱਚ ਵੰਸ਼ਿਕਾ ਨੇ 282 ਅਤੇ ਗੈਵਿਨ ਨੇ 296 ਅੰਕ ਬਣਾਏ ਸਨ।