ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਅੱਜ ਇੱਥੇ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ, ਜਦਕਿ ਰਸ਼ਮਿਕਾ ਸਹਿਗਲ ਨੇ ਜੂਨੀਅਰ ਮਹਿਲਾ ਏਅਰ ਪਿਸਟਲ ਮੁਕਾਬਲੇ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਰਸ਼ਮਿਕਾ ਨੇ ਵਿਅਕਤੀਗਤ ਵਰਗ ਦੇ ਨਾਲ-ਨਾਲ ਟੀਮ ਮੁਕਾਬਲੇ ਵਿੱਚ ਵੀ ਸਿਖਰਲਾ ਸਥਾਨ ਹਾਸਲ ਕੀਤਾ। ਭਾਕਰ ਫਾਈਨਲ ਵਿੱਚ 219.7 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਚੀਨ ਦੀ ਕਿਆਂਕੇ ਮਾ ਨੇ 243.2 ਅੰਕਾਂ ਨਾਲ ਸੋਨ ਤਗਮਾ, ਜਦਕਿ ਕੋਰੀਆ ਦੀ ਜਿਨ ਯਾਂਗ ਨੇ 241.6 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਰਸ਼ਮਿਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੁਕਾਬਲੇ ਵਿੱਚ ਭਾਰਤ ਦਾ ਤੀਜਾ ਵਿਅਕਤੀਗਤ ਸੋਨ ਤਗਮਾ ਜਿੱਤਿਆ। ਉਸ ਨੇ 241.9 ਅੰਕ ਲੈ ਕੇ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਕੋਰਿਆਈ ਨਿਸ਼ਾਨੇਬਾਜ਼ ਹਾਨ ਐੱਸ. ਨੂੰ 4.3 ਅੰਕਾਂ ਨਾਲ ਹਰਾਇਆ। ਇਹ ਰਸ਼ਮਿਕਾ ਲਈ ਦੋਹਰੀ ਸਫਲਤਾ ਸੀ। ਉਸ ਨੇ ਵੰਸ਼ਿਕਾ ਚੌਧਰੀ (573) ਅਤੇ ਮੋਹਿਨੀ ਸਿੰਘ (565) ਦੇ ਨਾਲ ਇਸ ਮੁਕਾਬਲੇ ਵਿੱਚ ਟੀਮ ਵਰਗ ’ਚ ਵੀ ਸੋਨ ਤਗਮਾ ਜਿੱਤਿਆ।