ਨਿਸ਼ਾਨੇਬਾਜ਼ੀ: ਭਾਰਤੀ ਜੋੜੀ ਕਾਂਸੀ ਦੇ ਤਗਮੇ ਤੋਂ ਖੁੰਝੀ
ਹਾਂਗਜ਼ੂ, 26 ਸਤੰਬਰ
ਦਿਵਿਆਂਸ਼ ਪੰਵਾਰ ਅਤੇ ਰਮਿਤਾ ਜਿੰਦਲ ਦੀ ਭਾਰਤੀ ਜੋੜੀ ਏਸ਼ਿਆਈ ਖੇਡਾਂ ਦੇ 10 ਮੀਟਰ ਏਅਰ ਰਾਈਫਲ ਮਿਕਸਡ ਮੁਕਾਬਲੇ ਵਿੱਚ ਮਾਮੂਲੀ ਫਰਕ ਨਾਲ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਈ। ਦੱਖਣੀ ਕੋਰੀਆ ਨੇ ਸਖ਼ਤ ਮੁਕਾਬਲੇ ਮਗਰੋਂ ਕਾਂਸੀ ਦਾ ਤਗ਼ਮਾ ਜਿੱਤਿਆ। ਪਾਰਕ ਹਾਜੁਨ ਅਤੇ ਲੀ ਯੁਨਸੀਓ ਦੀ ਕੋਰੀਅਨ ਜੋੜੀ ਨੇ 20-18 ਨਾਲ ਜਿੱਤ ਹਾਸਲ ਕੀਤੀ। ਰਮਿਤਾ ਨੇ ਬਿਹਤਰ ਪ੍ਰਦਰਸ਼ਨ ਕਰਦਿਆਂ ਚਾਰ ਵਾਰ 10.8 ਸਕੋਰ ਕੀਤਾ। ਦਿਵਿਆਂਸ਼ ਇੱਕ ਵਾਰ ਹੀ 10. 8 ਸਕੋਰ ਕਰ ਸਕਿਆ ਅਤੇ ਦੋ ਵਾਰ 9.9 ਅਤੇ 9.8 ਦਾ ਸਕੋਰ ਕੀਤਾ। ਕੁਆਲੀਫਿਕੇਸ਼ਨ ਗੇੜ ਵਿੱਚ ਦਿਵਿਆਂਸ਼ ਛੇਵੇਂ ਅਤੇ ਰਮਿਤਾ ਆਖਰੀ ਸਥਾਨ ’ਤੇ ਰਹੀ ਸੀ। 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ਵਿੱਚ ਅੱਠ ਨਿਸ਼ਾਨੇਬਾਜ਼ ਫਾਈਨਲ ਲਈ ਕੁਆਲੀਫਾਈ ਕਰਦੇ ਹਨ ਪਰ ਮਿਕਸਡ ਟੀਮ ਮੁਕਾਬਲੇ ਵਿੱਚ ਛੇ ਜੋੜੀਆਂ ਨੇ ਕੁਆਲੀਫਾਈ ਕੀਤਾ। ਸਿਖਰਲੀਆਂ ਦੋ ਟੀਮਾਂ ਨੇ ਸੋਨ ਤਗਮੇ ਲਈ ਮੁਕਾਬਲਾ ਕੀਤਾ ਜਦੋਂ ਕਿ ਬਾਕੀ ਚਾਰ ਟੀਮਾਂ ਦੋ ਕਾਂਸੀ ਦੇ ਤਗਮਿਆਂ ਲਈ ਖੇਡੀਆਂ। ਕੋਰੀਆ ਨੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਤੇ ਦੂਜਾ ਕਜ਼ਾਖਸਤਾਨ ਦੀ ਟੀਮ ਨੂੰ ਮਿਲਿਆ। -ਪੀਟੀਆਈ