ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਦੇ ਅੰਤ ਤੱਕ ਖੇਡ ਵਿੱਚ ਹਾਲਾਤ ਭਾਰਤ ਦਾ ਸਾਥ ਨਹੀਂ ਦੇ ਰਹੇ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਦੱਖਣੀ ਅਫ਼ਰੀਕਾ ਨੇ ਮੇਜ਼ਬਾਨ ਟੀਮ ਨੂੰ 549 ਦੌੜਾਂ ਦਾ ਟੀਚਾ ਦਿੱਤਾ ਹੈ, ਜਿਸ ਨੂੰ ਹਾਸਲ ਕਰਨਾ ਬਹੁਤ ਮੁਸ਼ਕਲ ਹੈ। ਭਾਰਤ ਦੀ ਹਾਰ ਨਾਲ ਦੱਖਣੀ ਅਫਰੀਕਾ 25 ਸਾਲਾਂ ’ਚ ਇੱਥੇ ਟੈਸਟ ਲੜੀ ਦੀ ਆਪਣੀ ਪਹਿਲੀ ਜਿੱਤ ਹਾਸਲ ਕਰੇਗੀ। ਦੱਖਣੀ ਅਫਰੀਕਾ ਨੇ 5 ਵਿਕਟਾਂ ਦੇ ਨੁਕਸਾਨ ’ਤੇ 260 ਦੌੜਾਂ ਬਣਾਈਆਂ ਤੇ ਆਪਣੀ ਦੂਜੀ ਪਾਰੀ ਐਲਾਨ ਦਿੱਤੀ। ਸਟੰਪਸ ਤੱਕ ਭਾਰਤ ਨੇ ਦੋ ਵਿਕਟਾਂ ਗੁਆ ਦਿੱਤੀਆਂ ਤੇ ਸਿਰਫ਼ 27 ਦੌੜਾਂ ਹੀ ਬਣਾਈਆਂ। ਯਸ਼ਸਵੀ ਜੈਸਵਾਲ 13 ਦੌੜਾਂ ਬਣਾ ਕੇ ਆਊਟ ਹੋ ਗਿਆ ਅਤੇ ਕੇ ਐੱਲ ਰਾਹੁਲ ਸਿਰਫ਼ 6 ਦੌੜਾਂ ਹੀ ਬਣਾ ਸਕਿਆ। ਸਾਈ ਸੁਦਰਸ਼ਨ 2 ਦੌੜਾਂ ਨਾਲ ਅਤੇ ਕੁਲਦੀਪ ਯਾਦਵ 4 ਦੌੜਾਂ ਬਣਾ ਕੇ ਪਿੱਚ ’ਤੇ ਹਨ। ਹਾਰ ਤੋਂ ਬਚਣ ਲਈ ਭਾਰਤ ਨੂੰ 90.1 ਓਵਰਾਂ ਵਿੱਚ 522 ਦੌੜਾਂ ਦੀ ਲੋੜ ਹੈ। ਦੱਖਣੀ ਅਫਰੀਕਾ ਤੋਂ 0-2 ਦੀ ਹਾਰ ਤੋਂ ਬਚਣ ਲਈ ਭਾਰਤੀ ਬੱਲੇਬਾਜ਼ਾਂ ਨੂੰ ਬਹੁਤ ਵੱਡਾ ਯੋਗਦਾਨ ਪਾਉਣਾ ਪਵੇਗਾ। ਜ਼ਾਹਿਰ ਹੈ, ਕੋਚ ਗੌਤਮ ਗੰਭੀਰ ਨਹੀਂ ਚਾਹੁਣਗੇ ਕਿ ਭਾਰਤ ਦੀ 0-2 ਨਾਲ ਹਾਰ ਹੋਵੇ, ਕਿਉਂਕਿ ਪਿਛਲੇ 12 ਮਹੀਨਿਆਂ ਵਿੱਚ ‘ਸੇਨਾ’ (ਐੱਸ ਈ ਐੱਨ ਏ), ਜੋ ਟੈਸਟ ਖੇਡਣ ਵਾਲੇ ਚਾਰ ਮੁੱਖ ਦੇਸ਼ਾਂ ਨੂੰ ਦਰਸਾਉਂਦਾ ਹੈ, ਜਿਨ੍ਹਾਂ ਵਿੱਚ ਦੱਖਣੀ ਅਫ਼ਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟਰੇਲੀਆ ਸ਼ਾਮਲ ਹਨ, ਦੇ ਖਿਲਾਫ਼ ਭਾਰਤ ਦੀ ਲਗਾਤਾਰ ਦੂਜੀ ਹਾਰ ਹੋਵੇਗੀ।
ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਟ੍ਰਿਸਟਨ ਸਟੱਬਸ ਨੇ 180 ਗੇਂਦਾਂ ਵਿੱਚ 94 ਦੌੜਾਂ ਬਣਾਈਆਂ। ਪਹਿਲੀ ਪਾਰੀ ਵਿੱਚ ਸਟੱਬਸ ਸਿਰਫ਼ ਇੱਕ ਦੌੜ ਨਾਲ ਅਰਧ ਸੈਂਕੜਾ ਬਣਾਉਣ ਤੋਂ ਖੁਝ ਗਿਆ ਸੀ ਤੇ ਹੁਣ ਦੂਜੀ ਪਾਰੀ ਵਿੱਚ ਛੇ ਦੌੜਾਂ ਦੇ ਫਰਕ ਨਾਲ ਸੈਂਕੜਾ ਜੜਨ ਤੋਂ ਵਾਂਝਾ ਰਹਿ ਗਿਆ ਹੈ। ਸਟੱਬਸ ਦੇ ਆਊਟ ਹੋਣ ਤੋਂ ਬਾਅਦ ਦੱਖਣੀ ਅਫ਼ਰੀਕਾ ਦੇ ਕਪਤਾਨ ਟੇਂਬਾ ਬਾਵੂਮਾ ਨੇ ਭਾਰਤ ਵੱਲੋਂ 78.3 ਓਵਰਾਂ ਦੀ ਗੇਂਦਬਾਜ਼ੀ ਕਰਵਾ ਕੇ ਦੂਜੀ ਪਾਰੀ ਐਲਾਨ ਦਿੱਤੀ।

