ਆਸਟਰੇਲੀਆ ਵਿਰੁੱਧ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਨੇ ਦਿਨ ਖ਼ਤਮ ਹੋਣ ਤੱਕ 74 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 325 ਦੌੜਾਂ ਬਣਾਈਆਂ ਹਨ। ਇੰਗਲੈਂਡ ਦੇ ਬੱਲੇਬਾਜ਼ ਜੋਅ ਰੂਟ ਨੇ ਟੈਸਟ ਮੈਚ ਵਿੱਚ ਆਪਣਾ ਪਹਿਲਾ ਸੈਂਕੜਾ ਜੜਿਆ ਅਤੇ ਇੰਗਲੈਂਡ ਨੂੰ 300 ਦੌੜਾਂ ਪਾਰ ਕਰਨ ਵਿੱਚ ਮਦਦ ਕੀਤੀ। ਜੋਅ ਰੂਟ ਨੇ 202 ਗੇਂਦਾਂ ਵਿੱਚ 135 ਦੌੜਾਂ ਬਣਾਈਆਂ, ਜਿਸ ਵਿੱਚ 15 ਚੌਕੇ ਅਤੇ ਇੱਕ ਛੱਕਾ ਸ਼ਾਮਲ ਹੈ।
ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਆਖ਼ਰੀ ਸੈਸ਼ਨ ਸ਼ੁਰੂ ਹੋਣ ਮੌਕੇ ਇੰਗਲੈਂਡ 4 ਵਿਕਟਾਂ ਦੇ ਨੁਕਸਾਨ ’ਤੇ 196 ਦੌੜਾਂ ਬਣਾ ਚੁੱਕਿਆ ਸੀ। ਇਸ ਮੌਕੇ ਜੋਅ ਰੂਟ 68 ਅਤੇ ਕਪਤਾਨ ਬੇਨ ਸਟੋਕਸ 14 ਦੌੜਾਂ ਬਣਾ ਕੇ ਪਿੱਚ ’ਤੇ ਖੇਡ ਰਹੇ ਸਨ। 50ਵੇਂ ਓਵਰ ਦੀ ਪਹਿਲੀ ਗੇਂਦ ’ਤੇ ਹੀ ਇੰਗਲੈਂਡ ਨੇ 200 ਦੌੜਾਂ ਦਾ ਅੰਕੜਾ ਪਾਰ ਕਰ ਲਿਆ। 52ਵੇਂ ਓਵਰ ਦੀ ਆਖਰੀ ਗੇਂਦ ਦੌਰਾਨ, ਆਸਟਰੇਲੀਆ ਨੇ ਜੋ ਰੂਟ ਵਿਰੁੱਧ ਐੱਲ ਬੀ ਡਬਲਿਊ ਫੈਸਲੇ ਲਈ ਡੀ ਆਰ ਐੱਸ ਦੀ ਅਪੀਲ ਕੀਤੀ; ਹਾਲਾਂਕਿ ਰੀਪਲੇਅ ਵਿੱਚ ਪੁਸ਼ਟੀ ਹੋਈ ਅਤੇ ਜੋਅ ਰੂਟ ਨੂੰ ਨਾਟ-ਆਊਟ ਦੱਸਿਆ ਗਿਆ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ 49 ਗੇਂਦਾਂ ’ਤੇ 19 ਦੌੜਾਂ ਬਣਾ ਕੇ ਆਊਟ ਹੋ ਗਏ। ਅਗਲੇ ਓਵਰ ਵਿੱਚ ਮਿਸ਼ੇਲ ਸਟਾਰਕ ਨੇ ਵਿਕਟਕੀਪਰ ਤੇ ਬੱਲੇਬਾਜ਼ ਜੈਮੀ ਸਮਿਥ ਨੂੰ ਸਿਫ਼ਰ ’ਤੇ ਆਊਟ ਕਰ ਦਿੱਤਾ। ਇਸ ਮਗਰੋਂ ਬ੍ਰੈਂਡਨ ਡੌਗੇਟ ਦੇ 62ਵੇਂ ਓਵਰ ਵਿੱਚ ਜੋਅ ਰੂਟ ਨੇ ਤਿੰਨ ਚੌਕੇ ਲਗਾਏ, ਜਿਸ ਨਾਲ ਰੂਟ ਨੇ ਆਪਣੀਆਂ 90 ਦੌੜਾਂ ਪੂਰੀਆਂ ਕਰ ਲਈਆਂ। ਸਟਾਰਕ ਨੇ 65ਵੇਂ ਓਵਰ ਦੀ ਦੂਜੀ ਆਖ਼ਰੀ ਗੇਂਦ ’ਤੇ ਜੈਕਸ ਨੂੰ 19 ਦੌੜਾਂ ‘ਤੇ ਆਊਟ ਕਰ ਦਿੱਤਾ, ਇਸ ਮਗਰੋਂ ਸਟਾਰਕ ਨੇ ਮੈਚ ਵਿੱਚ ਆਪਣਾ ਚੌਥਾ ਵਿਕਟ ਲਿਆ। ਸਕਾਟ ਬੋਲੈਂਡ ਦੇ 66ਵੇਂ ਓਵਰ ਵਿੱਚ ਜੋ ਰੂਟ ਨੇ ਆਸਟਰੇਲੀਆ ਦੀ ਧਰਤੀ ’ਤੇ ਆਪਣਾ ਪਹਿਲਾ ਸੈਂਕੜਾ ਜੜਿਆ। ਇਸ ਤਰ੍ਹਾਂ ਇੰਗਲੈਂਡ ਨੇ ਦਿਨ ਖ਼ਤਮ ਹੋਣ ਤੱਕ 325 ਦੌੜਾਂ ਬਣਾਈਆਂ।

