ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਦੂਜਾ ਟੈਸਟ ਅੱਜ
ਮੈਚ ਮੇਜ਼ਬਾਨ ਟੀਮ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ ’ਚ ਸਥਿਤੀ ਮਜ਼ਬੂਤ ਕਰਨ ਲਈ ਅਹਿਮ; ਵੈਸਟ ਇੰਡੀਜ਼ ਲਈ ਵਜੂਦ ਬਚਾਉਣ ਦੀ ਲੜਾਈ
ਪਹਿਲੇ ਟੈਸਟ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਅਤੇ ਆਖਰੀ ਟੈਸਟ ਵਿੱਚ ਇੱਕ ਹੋਰ ਵੱਡੀ ਜਿੱਤ ਦੇ ਇਰਾਦੇ ਨਾਲ ਉਤਰੇਗੀ। ਇਹ ਮੈਚ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਮੈਦਾਨ ’ਤੇ ਸਵੇਰੇ 9:30 ਵਜੇ ਤੋਂ ਸ਼ੁਰੂ ਹੋਵੇਗਾ। ਸ਼ੁਭਮਨ ਗਿੱਲ ਦੀ ਅਗਵਾਈ ਹੇਠਲੀ ਟੀਮ ਲਈ ਇਹ ਜਿੱਤ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਅਹਿਮ ਹੈ ਤੇ ਰੋਸਟਨ ਚੇਜ਼ ਦੀ ਅਗਵਾਈ ਦੀ ਟੀਮ ਲਈ ਇਹ ਮੈਚ ਵਜੂਦ ਬਚਾਉਣ ਦੀ ਲੜਾਈ ਹੋਵੇਗੀ।
ਭਾਰਤ ਦੀ ਬੱਲੇਬਾਜ਼ੀ ਬਹੁਤ ਮਜ਼ਬੂਤ ਨਜ਼ਰ ਆ ਰਹੀ ਹੈ, ਜਿੱਥੇ ਯਸ਼ਸਵੀ ਜੈਸਵਾਲ, ਕੇ ਐੱਲ ਰਾਹੁਲ ਤੇ ਕਪਤਾਨ ਸ਼ੁਭਮਨ ਗਿੱਲ ਸ਼ਾਨਦਾਰ ਲੈਅ ਵਿੱਚ ਹਨ। ਧਰੁਵ ਜੁਰੇਲ ਅਤੇ ਰਵਿੰਦਰ ਜਡੇਜਾ ਨੇ ਵੀ ਅਹਿਮਦਾਬਾਦ ਵਿੱਚ ਸੈਂਕੜੇ ਲਗਾਏ ਸਨ। ਹਾਲਾਂਕਿ ਨੌਜਵਾਨ ਬੱਲੇਬਾਜ਼ ਸਾਈ ਸੁਦਰਸ਼ਨ ਦੀ ਖਰਾਬ ਲੈਅ ਚਿੰਤਾ ਦਾ ਵਿਸ਼ਾ ਹੈ, ਜੋ ਪਿਛਲੀਆਂ ਸੱਤ ਪਾਰੀਆਂ ’ਚੋਂ ਛੇ ਵਿੱਚ ਅਸਫਲ ਰਿਹਾ ਹੈ। ਟੀਮ ਪ੍ਰਬੰਧਨ ਵੱਲੋਂ ਨੌਜਵਾਨ ਹਰਫਨਮੌਲਾ ਖਿਡਾਰੀ ਨਿਤੀਸ਼ ਕੁਮਾਰ ਰੈੱਡੀ ਦੇ ਪ੍ਰਦਰਸ਼ਨ ’ਤੇ ਵੀ ਨਜ਼ਰ ਰੱਖੀ ਜਾਵੇਗੀ। ਗੇਂਦਬਾਜ਼ੀ ਵਿਭਾਗ ਵਿੱਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਜੋੜੀ ਵੈਸਟਇੰਡੀਜ਼ ਲਈ ਵੱਡਾ ਖ਼ਤਰਾ ਸਾਬਤ ਹੋ ਸਕਦੀ ਹੈ, ਜਦਕਿ ਸਪਿੰਨ ਵਿਭਾਗ ਵਿੱਚ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਦੀ ਜੋੜੀ ਤੋਂ ਵੀ ਵਧੀਆ ਪ੍ਰਦਰਸ਼ਨ ਦੀ ਉਮੀਦ ਹੈ।
ਦੂਜੇ ਪਾਸੇ ਵੈਸਟਇੰਡੀਜ਼ ਦੀ ਟੀਮ ਹਰ ਵਿਭਾਗ ਵਿੱਚ ਕਮਜ਼ੋਰ ਨਜ਼ਰ ਆ ਰਹੀ ਹੈ। ਕੋਚ ਡੈਰੇਨ ਸੈਮੀ ਨੇ ਟੀਮ ਦੀ ਗਿਰਾਵਟ ਨੂੰ ‘ਕੈਂਸਰ’ ਕਰਾਰ ਦਿੱਤਾ ਹੈ, ਜਿਸ ਦਾ ਇਲਾਜ ਫਿਲਹਾਲ ਅਸੰਭਵ ਲੱਗਦਾ ਹੈ। ਹੌਸਲਾ ਵਧਾਉਣ ਲਈ ਸਰ ਵਿਵੀਅਨ ਰਿਚਰਡਸ, ਸਰ ਰਿਚੀ ਰਿਚਰਡਸਨ ਅਤੇ ਬ੍ਰਾਇਨ ਲਾਰਾ ਵਰਗੇ ਦਿੱਗਜਾਂ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਹੈ।