ਸਾਤਵਿਕ-ਚਿਰਾਗ ਦੀ ਜੋੜੀ ਸਿਖਰਲੇ ਸਥਾਨ ’ਤੇ
ਨਵੀਂ ਦਿੱਲੀ, 10 ਅਕਤੂਬਰ
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ ਵਿਸ਼ਵ ਰੈਂਕਿੰਗ ਵਿੱਚ ਸਿਖਰਲਾ ਸਥਾਨ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਡਬਲਜ਼ ਜੋੜੀ ਬਣ ਗਈ ਹੈ। ਪਿਛਲੇ ਹਫ਼ਤੇ ਏਸ਼ਿਆਈ ਖੇਡਾਂ ਵਿੱਚ ਬੈਡਮਿੰਟਨ ’ਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਉਨ ਵਾਲੇ ਸਾਤਵਿਕ ਅਤੇ ਚਿਰਾਗ ਦੋ ਸਥਾਨਾਂ ਦੇ ਫਾਇਦਾ ਨਾਲ ਬੀਡਬਲਿਊਐੱਫ ਦੀ ਤਾਜ਼ਾ ਦਰਜਾਬੰਦੀ ਵਿੱਚ ਸਿਖਰ ’ਤੇ ਪਹੁੰਚ ਗਏ ਹਨ। ਇਹ ਜੋੜੀ ਪ੍ਰਕਾਸ਼ ਪਾਦੂਕੋਨ, ਸਾਇਨਾ ਨੇਹਵਾਲ ਅਤੇ ਕਿਦਾਂਬੀ ਸ੍ਰੀਕਾਂਤ ਦੀ ਸੂਚੀ ਵਿੱਚ ਵੀ ਸ਼ਾਮਲ ਹੋ ਗਈ ਹੈ। ਇਹ ਤਿੰਨ ਬੈਡਮਿੰਟਨ ਖਿਡਾਰੀ ਵੀ ਸਿਖਰਲੇ ਦਰਜੇ ’ਤੇ ਕਾਬਜ਼ ਰਹੇ ਹਨ।
ਏਸ਼ਿਆਈ ਖੇਡਾਂ ਦੇ ਮਹਿਲਾ ਸਿੰਗਲਜ਼ ਵਰਗ ਵਿੱਚ ਤਗਮਾ ਜਿੱਤਣ ’ਚ ਨਾਕਾਮ ਰਹਿਣ ਦੇ ਬਾਵਜੂਦ ਪੀਵੀ ਸਿੰਧੂ ਦੋ ਸਥਾਨ ਉਪਰ 13ਵੇਂ ਸਥਾਨ ’ਤੇ ਪਹੁੰਚ ਗਈ ਜਦਕਿ ਕਾਂਸੀ ਦੇ ਤਗ਼ਮੇ ਦੇ ਰੂਪ ਵਿੱਚ ਭਾਰਤ ਨੂੰ ਪੁਰਸ਼ ਸਿੰਗਲਜ਼ ਵਿੱਚ 41 ਸਾਲ ਬਾਅਦ ਤਗ਼ਮਾ ਦਿਵਾਉਨ ਵਾਲਾ ਐੱਚਐੱਸ ਪਣੌਏ ਇੱਕ ਸਥਾਨ ਹੇਠਾਂ ਅੱਠਵੇਂ ਸਥਾਨ ’ਤੇ ਆ ਗਿਆ ਹੈ। ਇਸੇ ਤਰ੍ਹਾਂ ਟੀਮ ਮੁਕਾਬਲੇ ਵਿੱਚ ਆਪਣੇ ਦੋਵੇਂ ਮੁਕਾਬਲੇ ਜਿੱਤਣ ਵਾਲਾ ਲਕਸ਼ੈ ਸੇਨ ਵੀ ਇੱਕ ਸਥਾਨ ਹੇਠਾਂ 15ਵੇਂ ਸਥਾਨ ’ਤੇ ਆ ਗਿਆ ਹੈ। ਉਧਰ ਕਿਦਾਂਬੀ ਸ੍ਰੀਕਾਂਤ ਨੂੰ ਇੱਕ ਸਥਾਨ ਦਾ ਫਾਇਦਾ ਹੋਇਆ ਹੈ। ਉਹ ਹੁਣ 20ਵੇਂ ਸਥਾਨ ’ਤੇ ਕਾਬਜ਼ ਹੈ। ਗਾਇਤਰੀ ਗੋਪੀਚੰਦ ਅਤੇ ਤ੍ਰੀਸਾ ਜੌਲੀ ਦੀ ਮਹਿਲਾ ਡਬਲਜ਼ ਜੋੜੀ ਵੀ ਇੱਕ ਸਥਾਨ ਦੇ ਫਾਇਦੇ ਨਾਲ 16ਵੇਂ ਸਥਾਨ ’ਤੇ ਪਹੁੰਚ ਗਈ ਹੈ। -ਪੀਟੀਆਈ