ਸੰਜੋਗ ਗੁਪਤਾ ਆਈਸੀਸੀ ਦੇ ਸੀਈਓ ਨਿਯੁਕਤ
ਦੁਬਈ, 7 ਜੁਲਾਈ
ਭਾਰਤੀ ਮੀਡੀਆ ਦਿੱਗਜ ਸੰਜੋਗ ਗੁਪਤਾ ਨੂੰ ਅੱਜ ਜੈ ਸ਼ਾਹ ਦੀ ਅਗਵਾਈ ਹੇਠਲੀ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਿਯੁਕਤ ਕੀਤਾ ਗਿਆ ਹੈ। ਉਹ ਆਸਟਰੇਲੀਆ ਦੇ ਜਿਓਫ ਐਲਾਰਡਿਸ ਦੀ ਥਾਂ ਲੈਣਗੇ, ਜਿਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਨਿੱਜੀ ਕਾਰਨਾਂ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਤੱਕ ਜੀਓਸਟਾਰ ਵਿੱਚ ਸੀਈਓ (ਖੇਡਾਂ) ਵਜੋਂ ਸੇਵਾ ਨਿਭਾਅ ਰਹੇ ਸਨ ਗੁਪਤਾ ਤੁਰੰਤ ਪ੍ਰਭਾਵ ਨਾਲ ਆਪਣੀ ਨਵੀਂ ਭੂਮਿਕਾ ਸੰਭਾਲਣਗੇ। ਉਹ ਆਈਸੀਸੀ ਦੇ ਸੱਤਵੇਂ ਸੀਈਓ ਹੋਣਗੇ।
ਕ੍ਰਿਕਟ ਦੀ ਸਿਖਰਲੀ ਸੰਸਥਾ ਨੇ ਕਿਹਾ ਕਿ ਉਸ ਨੂੰ ਇਸ ਅਹੁਦੇ ਲਈ 25 ਦੇਸ਼ਾਂ ਤੋਂ 2,500 ਤੋਂ ਵੱਧ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ’ਚੋਂ 12 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਸੀ। ਮਗਰੋਂ ਇਹ 12 ਨਾਮ ਨਾਮਜ਼ਦਗੀ ਕਮੇਟੀ ਨੂੰ ਭੇਜ ਦਿੱਤੇ ਗਏ ਸਨ। ਇਨ੍ਹਾਂ ਵਿੱਚ ਆਈਸੀਸੀ ਦੇ ਉਪ ਪ੍ਰਧਾਨ ਇਮਰਾਨ ਖਵਾਜਾ, ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਦੇ ਚੇਅਰਮੈਨ ਰਿਚਰਡ ਥੌਮਸਨ, ਸ੍ਰੀਲੰਕਾ ਕ੍ਰਿਕਟ (ਐੱਸਐੱਲਸੀ) ਦੇ ਪ੍ਰਧਾਨ ਸ਼ਮੀ ਸਿਲਵਾ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਦੇਵਜੀਤ ਸੈਕੀਆ ਦੇ ਨਾਮ ਵੀ ਸ਼ਾਮਲ ਸਨ। ਕਮੇਟੀ ਨੇ ਇਸ ਅਹੁਦੇ ਲਈ ਗੁਪਤਾ ਦੀ ਸਿਫਾਰਸ਼ ਕੀਤੀ, ਜਿਸ ਨੂੰ ਆਈਸੀਸੀ ਚੇਅਰਮੈਨ ਜੈ ਸ਼ਾਹ ਨੇ ਮਨਜ਼ੂਰੀ ਦੇ ਦਿੱਤੀ। ਆਈਸੀਸੀ ਨੇ ਕਿਹਾ, ‘ਭਾਰਤ ਅਤੇ ਵਿਸ਼ਵ ਪੱਧਰ ’ਤੇ ਖੇਡ ਪ੍ਰਸਾਰਣ ਵਿੱਚ ਆਏ ਬਦਲਾਅ ’ਚ ਸੰਜੋਗ ਗੁਪਤਾ ਦੀ ਅਹਿਮ ਭੂਮਿਕਾ ਰਹੀ ਹੈ।’ ਸ਼ਾਹ ਨੇ ਕਿਹਾ ਕਿ ਖੇਡ ਰਣਨੀਤੀ ਅਤੇ ਵਪਾਰੀਕਰਨ ਵਿੱਚ ਗੁਪਤਾ ਦਾ ਤਜਰਬਾ ਆਈਸੀਸੀ ਲਈ ਲਾਹੇਵੰਦ ਸਾਬਤ ਹੋਵੇਗਾ। -ਪੀਟੀਆਈ