ਸੇਲਿੰਗ: ਵਿਸ਼ਨੂ ਸਰਵਾਨਨ ਨੇ ਕਾਂਸੀ ਦਾ ਤਗਮਾ ਜਿੱਤਿਆ
ਨਿੰਗਬੋ, 27 ਸਤੰਬਰ
ਸੇਲਰ ਵਿਸ਼ਨੂ ਸਰਵਾਨਨ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਡਿੰਗੀ ਆਈਐੱਲਸੀਏ 7 ਮੁਕਾਬਲੇ ਵਿੱਚ ਭਾਰਤ ਨੂੰ ਪਹਿਲਾ ਕਾਂਸੀ ਦਾ ਤਗਮਾ ਜਿਤਾਇਆ। ਇਸ ਤਰ੍ਹਾਂ ਇਨ੍ਹਾਂ ਏਸ਼ਿਆਈ ਖੇਡਾਂ ਵਿੱਚ ਭਾਰਤੀ ਸੇਲਰਾਂ ਨੇ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮਿਆਂ ਨਾਲ ਆਪਣੀ ਮੁਹਿੰਮ ਖ਼ਤਮ ਕੀਤੀ ਹੈ। ਬੀਤੇ ਦਨਿ ਨੇਹਾ ਠਾਕੁਰ ਨੇ ਚਾਂਦੀ ਅਤੇ ਇਬਾਦ ਅਲੀ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ।
ਟੋਕੀਓ ਓਲੰਪਿਕ ’ਚ ਖੇਡ ਚੁੱਕੇ ਵਿਸ਼ਨੂ ਨੇ 11 ਰੇਸ ਦੇ ਮੁਕਾਬਲੇ ਵਿੱਚ 34 ਨੈੱਟ ਸਕੋਰ ਬਣਾਇਆ। ਉਹ ਇਕ ਅੰਕ ਨਾਲ ਚਾਂਦੀ ਦੇ ਤਗਮੇ ਤੋਂ ਖੁੰਝ ਗਿਆ। ਦੱਖਣੀ ਕੋਰੀਆ ਦੇ ਜੀਮਨਿ ਐੱਚਏ ਨੇ 33 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਸਿੰਗਾਪੁਰ ਦੇ ਜੁਨ ਹਾਨ ਰਿਆਨ ਲੋ ਨੇ 26 ਦੇ ਸਕੋਰ ਨਾਲ ਸੋਨ ਤਗਮਾ ਜਿੱਤਿਆ।
ਸੇਲਿੰਗ ਵਿੱਚ ਸਾਰੀਆਂ ਰੇਸਾਂ ਦੇ ਸਭ ਤੋਂ ਖ਼ਰਾਬ ਸਕੋਰ ਨੂੰ ਕੁੱਲ ਅੰਕਾਂ ਤੋਂ ਘਟਾ ਕੇ ਨੈੱਟ ਸਕੋਰ ਕੱਢਿਆ ਜਾਂਦਾ ਹੈ। ਸਭ ਤੋਂ ਘੱਟ ਨੈੱਟ ਸਕੋਰ ਵਾਲਾ ਜੇਤੂ ਹੁੰਦਾ ਹੈ। ਵਿਸ਼ਨੂ ਦਾ ਕੁੱਲ ਸਕੋਰ 48 ਸੀ ਅਤੇ ਉਸ ਦੀ ਸਭ ਤੋਂ ਖ਼ਰਾਬ ਰੇਸ ਅੱਠਵੀਂ ਸੀ ਜਦੋਂ ਉਹ ਰਿਟਾਇਰ ਹੋ ਗਿਆ ਸੀ। ਉਸ ਦੇ ਸਕੋਰ ’ਚੋਂ 14 ਅੰਕ ਘਟਾਏ ਗਏ।
ਹਵਾ ਦਾ ਵਹਾਅ ਘੱਟ ਹੋਣ ਕਾਰਨ ਭਾਰਤ ਮਹਿਲਾ ਸਿੰਗਲ ਡਿੰਗੀ ਆਈਐੱਲਸੀਏ 6 ਵਿੱਚ ਕੋਈ ਤਮਗਾ ਨਹੀਂ ਜਿੱਤ ਸਕਿਆ ਅਤੇ ਨੇਤਰਾ ਕੁਮਾਨਨ ਨੂੰ ਚੌਥੇ ਸਥਾਨ ’ਤੇ ਰਹਿ ਕੇ ਹੀ ਸਬਰ ਕਰਨਾ ਪਿਆ। ਇਸ ਵਰਗ ਦੀ ਆਖਰੀ ਰੇਸ ਰੱਦ ਕਰਨੀ ਪਈ। ਨੇਤਰਾ (41 ਨੈੱਟ ਅੰਕ) ਸਿੰਗਾਪੁਰ ਦੀ ਜਿੰਗ ਹੁਆ ਵਿਕਟੋਰੀਆ ਚਾਨ (38) ਤੋਂ ਤਿੰਨ ਅੰਕ ਪਿੱਛੇ ਸੀ। ਭਾਰਤੀ ਸੇਲਰਾਂ ਨੇ 2018 ਵਿੱਚ ਜਕਾਰਤਾ ਖੇਡਾਂ ਵਿੱਚ ’ਚ ਵੀ ਇੱਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਸਨ। ਨੇਹਾ ਠਾਕੁਰ ਨੇ ਬੀਤੇ ਦਨਿ ਚਾਂਦੀ ਅਤੇ ਇਬਾਦ ਅਲੀ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। -ਪੀਟੀਆਈ