ਸੇਲਿੰਗ: ਨੇਹਾ ਨੇ ਚਾਂਦੀ ਦਾ ਤਗਮਾ ਜਿੱਤਿਆ
ਨਿੰਗਬੋ (ਚੀਨ), 26 ਸਤੰਬਰ
ਭਾਰਤੀ ਸੇਲਰ ਨੇਹਾ ਠਾਕੁਰ ਨੇ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਦਕਿ ਇਬਾਦ ਅਲੀ ਨੇ ਕਾਂਸੀ ਦਾ ਤਗਮਾ ਜਿੱਤਿਆ, ਜਿਸ ਸਦਕਾ ਭਾਰਤ ਨੇ ਅੱਜ ਇੱਥੇ ਸੇਲਿੰਗ (ਕਿਸ਼ਤੀ ਚਾਲਨ) ਵਿੱਚ ਦੋ ਤਗਮੇ ਜਿੱਤੇ ਹਨ। ਨੇਹਾ ਨੇ ਏਸ਼ਿਆਈ ਖੇਡਾਂ ਦੇ ਤੀਜੇ ਦਿਨ ਮਹਿਲਾਵਾਂ ਦੀ ਡਿੰਗੀ ਆਈਐੱਲਸੀਏ-4 ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਸੇਲਿੰਗ ਵਿੱਚ ਪੁਰਸ਼ਾਂ ਦੇ ਵਿੰਡਸਰਫਰ ਆਰਐੱਸ ਐਕਸ ਵਰਗ ’ਚ 52 ਦੇ ਨੈੱਟ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ। ਇਸ ਮੁਕਾਬਲੇ ਵਿੱਚ ਸੋਨ ਤਗਮਾ ਕੋਰੀਆ ਦੇ ਵੋਨਵੂ ਚੋ ਜਦਕਿ ਚਾਂਦੀ ਦਾ ਤਗਮਾ ਥਾਈਲੈਂਡ ਦੇ ਨੱਥਾਫੋਂਗ ਫੋਨੋਫੈਰਾਟ ਨੇ ਹਾਸਲ ਕੀਤਾ। ਅਲੀ ਨੂੰ 14 ਰੇਸ ਈਵੈਂਟ ਦੀ ਦੂਜੀ ਅਤੇ ਤੀਜੀ ਰੇਸ ਪੂਰੀ ਨਾ ਕਰਨ ਦਾ ਖਮਿਆਜ਼ਾ ਭੁਗਤਣਾ ਪਿਆ। ਇਸ ਕਾਰਨ ਉਸ ਦੇ ਕੁੱਲ 59 ਅੰਕਾਂ ’ਚੋਂ ਸੱਤ ਅੰਕ ਘਟਾ ਦਿੱਤੇ ਗਏ। ਉਹ ਚਾਂਦੀ ਦਾ ਤਗਮਾ ਜਿੱਤਣ ਵਾਲੇ ਤੋਂ 23 ਅੰਕ ਪਿੱਛੇ ਰਿਹਾ। ਇਸ ਤੋਂ ਪਹਿਲਾਂ ‘ਨੈਸ਼ਨਲ ਸੇਲਿੰਗ ਸਕੂਲ’ ਭੁਪਾਲ ਦੀ ਉਭਰਦੀ ਖਿਡਾਰਨ ਨੇਹਾ ਦੀ ਮੁਹਿੰਮ ਕੁੱਲ 32 ਅੰਕਾਂ ਨਾਲ ਸਮਾਪਤ ਹੋਈ। ਹਾਲਾਂਕਿ ਉਸ ਦਾ ਨੈੱਟ ਸਕੋਰ 27 ਰਿਹਾ ਜਿਸ ਕਰਕੇ ਉਹ ਥਾਈਲੈਂਡ ਦੀ ਸੋਨ ਤਗਮਾ ਜੇਤੂ ਨੋਪਾਸੋਰਨ ਖੁਨਬੂੰਜਾਨ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। -ਪੀਟੀਆਈ