Roller Skating Championship ਰੋਲਰ ਜੈੱਟ ਅਕਾਦਮੀ ਤੇ ਕੇਬੀ ਡੀਏਵੀ ਕਲੱਬ ਨੇ ਮਚਾਇਆ ਧਮਾਲ
ਕੁੜੀਆਂ ਦੇ ਰੋਲਰ ਹਾਕੀ ਮੁਕਾਬਲੇ ਵਿਚ ਕੇਬੀ ਡੀਏਵੀ ਕਲੱਬ ਨੇ ਜੇਤੂ ਲੈਅ ਬਰਕਰਾਰ ਰੱਖਦਿਆਂ ਸੋਨ ਤਗ਼ਮਾ ਜਿੱਤਿਆ
Roller Skating Championship : ਰੋਲਰ ਜੈੱਟ ਅਕਾਦਮੀ ਨੇ ਸੀਨੀਅਰ ਲੜਕੇ ਇਨਲਾਈਨ ਹਾਕੀ ਈਵੈਂਟ ਵਿੱਚ ਸੋਨੇ ਦਾ ਤਗ਼ਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚੰਡੀਗੜ੍ਹ ਜਾਇੰਟਸ ਤੇ ਸੈਕਟਰ 7 ਕਲੱਬ ਨੇ ਕ੍ਰਮਵਾਰ ਚਾਂਦੀ ਤੇ ਕਾਂਸੇ ਦਾ ਤਗ਼ਮਾ ਜਿੱਤਿਆ। ਇਹ ਮੁਕਾਬਲਾ ਮੰਗਲਵਾਰ ਨੂੰ ਸੈਕਟਰ 10 ਦੇ ਸਕੇਟਿੰਗ ਰਿੰਕ ਵਿੱਚ 47ਵੀਂ ਚੰਡੀਗੜ੍ਹ ਰਾਜ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦੌਰਾਨ ਖੇਡਿਆ ਗਿਆ।
ਰਾਜ ਪੱਧਰੀ ਇਹ ਚੈਂਪੀਅਨਸ਼ਿਪ ਅਗਾਮੀ 63ਵੀਂ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਇੰਗ ਈਵੈਂਟ ਵੀ ਸੀ। ਇਹ ਚੈੈਂਪੀਅਨਸ਼ਿਪ ਰੋਲਰ ਸਕੇਟਿੰਗ ਐਸੋਸੀਏਸ਼ਨ (CRSA) ਨੇ ਕਰਵਾਈ ਸੀ, ਜੋ ਰੋਲਰ ਸਕੇਟਿੰਗ ਫੈਡਰੇਸ਼ਨ ਆਫ਼ ਇੰਡੀਆ (RSFI) ਦੇ ਅਧੀਨ ਹੈ।
ਸੀਨੀਅਰ ਕੁੜੀਆਂ ਰੋਲਰ ਹਾਕੀ ਕੈਟਾਗਰੀ ਵਿੱਚ ਕੇਬੀ ਡੀਏਵੀ ਕਲੱਬ ਨੇ ਸੋਨ ਤਗਮਾ ਜਿੱਤਿਆ। ਸੈਕਟਰ 7 ਕਲੱਬ ਨੇ ਚਾਂਦੀ ਅਤੇ ਚੰਡੀਗੜ੍ਹ ਕਲੱਬ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਕੁੜੀਆਂ ਰੋਲਰ ਹਾਕੀ ਈਵੈਂਟ ਵਿਚ ਕੇਬੀ ਡੀਏਵੀ ਕਲੱਬ ਨੇ ਆਪਣੀ ਜੇਤੂ ਲੈਅ ਬਰਕਰਾਰ ਰੱਖਦੇ ਹੋਏ ਸੋਨ ਤਗ਼ਮਾ ਜਿੱਤਿਆ। ਚੰਡੀਗੜ੍ਹ ਕਲੱਬ ਨੇ ਚਾਂਦੀ ਤੇ ਸੈਕਟਰ 7 ਕਲੱਬ ਨੇ ਕਾਂਸੀ ਜਿੱਤੀ। ਲੜਕੇ 8-10 ਸਾਲ ਰੋਡ ਰੇਸ 1 (500 ਮੀਟਰ) ਈਵੈਂਟ ਵਿਚ ਕੁੰਜ ਨੇ ਸੋਨ ਤਗ਼ਮਾ ਜਦੋਂਕਿ ਗਰਵ ਤੇ ਮਨਵੀਰ ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸੇ ਉਮਰ ਵਰਗ ਦੇ ਕੁੜੀਆਂ ਦੇ ਸੈਕਸ਼ਨ ਵਿਚ ਦ੍ਰਿਤੀ ਨੇ ਸੋਨ ਤਗ਼ਮਾ, ਅਨਿਕਾ ਨੇ ਚਾਂਦੀ ਤੇ ਕਾਇਰਾ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਲੜਕੇ 10-12 ਸਾਲ ਰੋਡ ਰੇਸ 1 (500 ਮੀਟਰ) ਈਵੈਂਟ ਵਿਚ ਦਿਪਾਂਸ਼ੂ ਨੇ ਸੋਨ ਤਗਮਾ ਜਦੋਂਕਿ ਲਕਸ਼ੈ ਤੇ ਰਿਆਂਸ਼ ਨੇ ਕ੍ਰਮਵਾਰ ਚਾਂਦੀ ਤੇ ਕਾਂਸੀ ਜਿੱਤੀ। ਇਸ ਮੌਕੇ ਆਰ.ਐਸ.ਐਫ.ਆਈ. ਦੇ ਸੰਸਥਾਪਕ ਮੈਂਬਰ ਇੰਦਰਪਾਲ ਸਿੰਘ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਇੰਟਰਨੈਸ਼ਨਲ ਸਕੇਟਰ ਜਗਦੀਪ ਬੈਂਸ ਅਤੇ ਸੀਆਰਐਸਏ ਪ੍ਰਧਾਨ ਅਰੁਣ ਵਾਲੀਆ ਸਨਮਾਨ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।

