ਡਿਫੈਂਡਰ ਰੋਹਿਤ 11 ਅਕਤੂਬਰ ਤੋਂ ਮਲੇਸ਼ੀਆ ਵਿੱਚ ਸ਼ੁਰੂ ਹੋਣ ਵਾਲੇ ਸੁਲਤਾਨ ਜੋਹੋਰ ਕੱਪ ਟੂਰਨਾਮੈਂਟ ਵਿੱਚ ਭਾਰਤ ਦੀ ਜੂਨੀਅਰ ਟੀਮ ਦੀ ਕਪਤਾਨੀ ਕਰੇਗਾ। ਪਿਛਲੀ ਵਾਰ ਭਾਰਤ ਨੇ ਇਸ ਟੂਰਨਾਮੈਂਟ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ ਸੀ ਅਤੇ ਐਂਤਕੀ ਟੀਮ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰੇਗੀ। ਇਹ ਟੂਰਨਾਮੈਂਟ 18 ਅਕਤੂਬਰ ਨੂੰ ਖ਼ਤਮ ਹੋਵੇਗਾ ਅਤੇ 28 ਨਵੰਬਰ ਤੋਂ 10 ਦਸੰਬਰ ਤੱਕ ਚੇਨੱਈ ਅਤੇ ਮਦੁਰਾਈ ਵਿੱਚ ਹੋਣ ਵਾਲੇ ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਲਈ ਅਹਿਮ ਹੋਵੇਗਾ। ਭਾਰਤ 11 ਅਕਤੂਬਰ ਨੂੰ ਬਰਤਾਨੀਆ ਅਤੇ 12 ਅਕਤੂਬਰ ਨੂੰ ਨਿਊਜ਼ੀਲੈਂਡ ਨਾਲ ਖੇਡੇਗਾ। ਭਾਰਤ ਅਤੇ ਪਾਕਿਸਤਾਨ 14 ਅਕਤੂਬਰ ਨੂੰ ਇੱਕ-ਦੂਜੇ ਦਾ ਸਾਹਮਣਾ ਕਰਨਗੇ, ਜਦਕਿ ਉਸ ਦਾ ਆਸਟਰੇਲੀਆ ਖ਼ਿਲਾਫ਼ ਮੈਚ 15 ਅਕਤੂਬਰ ਨੂੰ ਹੈ। ਰਾਊਂਡ-ਰੌਬਿਨ ਗੇੜ ਵਿੱਚ ਆਖਰੀ ਮੈਚ 17 ਅਕਤੂਬਰ ਨੂੰ ਮਲੇਸ਼ੀਆ ਖ਼ਿਲਾਫ਼ ਹੋਵੇਗਾ। ਰਾਊਂਡ-ਰੌਬਿਨ ਗੇੜ ਦੀਆਂ ਸਿਖਰਲੀ ਦੋ ਟੀਮਾਂ 18 ਅਕਤੂਬਰ ਨੂੰ ਫਾਈਨਲ ਖੇਡਣਗੀਆਂ।ਭਾਰਤ ਦੇ ਕੋਚ ਪੀ.ਆਰ. ਸ੍ਰੀਜੇਸ਼ ਨੇ ਕਿਹਾ, ‘ਟੀਮ ਟੂਰਨਾਮੈਂਟ ਲਈ ਚੰਗੀ ਤਿਆਰੀ ਕਰ ਰਹੀ ਹੈ। ਸਾਡੇ ਕੋਲ ਚੰਗੀ ਟੀਮ ਹੈ ਅਤੇ ਜੂਨੀਅਰ ਵਿਸ਼ਵ ਕੱਪ ਨੂੰ ਧਿਆਨ ਵਿੱਚ ਰੱਖਦਿਆਂ ਮਜ਼ਬੂਤ ਟੀਮਾਂ ਖ਼ਿਲਾਫ਼ ਖੁਦ ਨੂੰ ਪਰਖਣ ਦਾ ਚੰਗਾ ਮੌਕਾ ਹੋਵੇਗਾ। ’ ਟੀਮ ਵਿੱਚ ਬਿਕਰਮਜੀਤ ਸਿੰਘ ਤੇ ਪ੍ਰਿੰਸਦੀਪ ਸਿੰਘ ਗੋਲਕੀਪਰ ਦੀ ਭੂਮਿਕਾ ਨਿਭਾਉਣਗੇ। ਡਿਫੈਂਡਰਾਂ ਵਿੱਚ ਰੋਹਿਤ (ਕਪਤਾਨ), ਤਾਲੇਮ, ਅਨਮੋਲ ਏਕਾ, ਆਮਿਰ ਅਲੀ, ਸੁਨੀਲ ਪੀ ਬੀ, ਰਵਨੀਤ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਮਿਡਫੀਲਡਰਾਂ ’ਚ ਅੰਕਿਤ ਪਾਲ, ਟੀ ਇੰਗੇਲੰਬਾ ਲੁਵਾਂਗ, ਆਦ੍ਰੋਹਿਤ ਏਕਾ, ਅਰਾਏਜੀਤ ਸਿੰਘ ਹੁੰਦਲ, ਰੌਸ਼ਨ ਕੁਜੂਰ, ਮਨਮੀਤ ਸਿੰਘ ਤੇ ਫਾਰਵਰਡ ਵਿੱਚ ਅਰਸ਼ਦੀਪ ਸਿੰਘ, ਸੌਰਭ ਆਨੰਦ ਕੁਸ਼ਵਾਹਾ, ਅਜੀਤ ਯਾਦਵ ਅਤੇ ਗੁਰਜੋਤ ਸਿੰਘ ਸ਼ੁਮਾਰ ਹਨ। ਵਿਵੇਕ ਲਾਕੜਾ, ਸ਼ਰਦਾਨੰਦ ਤਿਵਾੜੀ, ਟੀ ਕਿੰਗਸਨ ਸਿੰਘ, ਰੋਹਿਤ ਕੁੱਲੂ ਤੇ ਦਿਲਰਾਜ ਸਿੰਘ ਨੂੰ ਸਟੈਂਡਬਾਏ ਵਿੱਚ ਰੱਖਿਆ ਗਿਆ ਹੈ।