ਆਈਸੀਸੀ ਇੱਕ ਰੋਜ਼ਾ ਦਰਜਾਬੰਦੀ ’ਚ ਰੋਹਿਤ ਦੂਜੇ ਸਥਾਨ ’ਤੇ
ਕੌਮਾਂਤਰੀ ਕ੍ਰਿਕਟ ਵਿੱਚ ਆਪਣੇ ਭਵਿੱਖ ਸਬੰਧੀ ਚੱਲ ਰਹੀਆਂ ਚਰਚਾਵਾਂ ਦਰਮਿਆਨ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਅੱਜ ਜਾਰੀ ਬੱਲੇਬਾਜ਼ਾਂ ਦੀ ਤਾਜ਼ਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਦੂਸਰੇ ਸਥਾਨ ’ਤੇ ਪਹੁੰਚ ਗਿਆ। ਉਸ ਨੇ ਆਈਪੀਐੱਲ 2025 ਮਗਰੋਂ ਕੋਈ ਮੈਚ ਨਹੀਂ ਖੇਡਿਆ। ਰੋਹਿਤ (38) ਨੇ ਇੱਕ ਸਥਾਨ ਦੇ ਫ਼ਾਇਦੇ ਨਾਲ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਪਛਾੜ ਦਿੱਤਾ। ਉਹ ਵੈਸਟ ਇੰਡੀਜ਼ ਖ਼ਿਲਾਫ਼ ਹਾਲ ਹੀ ਵਿੱਚ ਖ਼ਤਮ ਹੋਈ ਇੱਕ ਰੋਜ਼ਾ ਲੜੀ ਵਿੱਚ ਖ਼ਰਾਬ ਪ੍ਰਦਰਸ਼ਨ ਮਗਰੋਂ ਤੀਸਰੇ ਸਥਾਨ ’ਤੇ ਖਿਸਕ ਗਿਆ। ਰੋਹਿਤ ਦੇ 756 ਅੰਕ ਹਨ ਅਤੇ ਉਹ ਭਾਰਤ ਦੇ ਟੈਸਟ ਕਪਤਾਨ ਸ਼ੁਭਮਨ ਗਿੱਲ (784 ਅੰਕ) ਤੋਂ ਪਿੱਛੇ ਹੈ ਜੋ ਪਹਿਲੇ ਸਥਾਨ ’ਤੇ ਬਰਕਰਾਰ ਹੈ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ 736 ਅੰਕਾਂ ਨਾਲ ਚੌਥੇ ਸਥਾਨ ’ਤੇ ਕਾਇਮ ਹੈ। ਰੋਹਿਤ ਅਤੇ ਕੋਹਲੀ ਦੋਵਾਂ ਨੇ ਭਾਰਤੀ ਟੀਮ ਦੇ ਇੰਗਲੈਂਡ ਦੌਰੇ ਤੋਂ ਪਹਿਲਾਂ ਟੈਸਟ ਵੰਨਗੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ ਪਰ 50 ਓਵਰਾਂ ਦੀ ਵੰਨਗੀ ਵਿੱਚ ਖੇਡਣਾ ਜਾਰੀ ਰੱਖਣ ਦੀ ਇੱਛਾ ਜ਼ਾਹਰ ਕੀਤੀ ਹੈ।
ਦੋਵੇਂ ਸਟਾਰ ਬੱਲੇਬਾਜ਼ ਅਕਤੂਬਰ ਵਿੱਚ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਖੇਡ ਸਕਦੇ ਹਨ ਅਤੇ ਉਨ੍ਹਾਂ ਨੇ ਲੈਅ ਹਾਸਲ ਕਰਨ ਲਈ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਮੌਜੂਦਾ ਦਰਜਾਬੰਦੀ ਵਿੱਚ ਪੰਜ ਭਾਰਤੀ ਬੱਲੇਬਾਜ਼ ਸਿਖਰਲੇ 15 ਵਿੱਚ ਹਨ, ਜਿਨ੍ਹਾਂ ਵਿੱਚ ਸ਼੍ਰੇਅਸ ਅਈਅਰ ਅੱਠਵੇਂ ਅਤੇ ਲੋਕੇਸ਼ ਰਾਹੁਲ 15ਵੇਂ ਸਥਾਨ ’ਤੇ ਹੈ।