ਸ਼ਾਹੀਨ ਤੇ ਰੌਫ਼ ਦੇ ਸ਼ਬਦੀ ਹਮਲਿਆਂ ਦਾ ਬੱਲੇ ਨਾਲ ਜਵਾਬ ਦਿੱਤਾ: ਅਭਿਸ਼ੇਕ
ਏਸ਼ੀਆ ਕੱਪ ਵਿੱਚ ਪਾਕਿਸਤਾਨ ਖਿਲਾਫ਼ ਛੇ ਵਿਕਟਾਂ ਦੀ ਜਿੱਤ ਮਗਰੋਂ ਭਾਰਤ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਪਾਕਿਸਤਾਨੀ ਗੇਂਦਬਾਜ਼ਾਂ, ਖਾਸ ਕਰਕੇ ਸ਼ਾਹੀਨ ਸ਼ਾਹ ਅਫਰੀਦੀ ਅਤੇ ਹਾਰਿਸ ਰੌਫ ਦੀ ਤੇਜ਼ ਗੇਂਦਬਾਜ਼ੀ ਜੋੜੀ ਨਾਲ ਕਰੀਜ਼ ’ਤੇ ਹੋਈ ਤਲਖ਼ ਕਲਾਮੀ ਦੀ ਗੱਲ ਕਰਦਿਆਂ ਕਿਹਾ ਕਿ ਉਸ ਨੂੰ ਇਹ ਪਸੰਦ ਨਹੀਂ ਆਇਆ ਕਿ ਪਾਕਿਸਤਾਨੀ ਗੇਂਦਬਾਜ਼ ਬਿਨਾਂ ਕਿਸੇ ਗੱਲੋਂ ਉਨ੍ਹਾਂ ’ਤੇ ਸ਼ਬਦੀ ਹਮਲੇ ਕਰ ਰਹੇ ਸਨ। ਲਿਹਾਜ਼ਾ ਉਨ੍ਹਾਂ (ਅਭਿਸ਼ੇਕ ਤੇ ਸ਼ੁਭਮਨ ਗਿੱਲ) ਨੇ ਬੱਲੇ ਨਾਲ ਜਵਾਬ ਦੇਣ ਦਾ ਫੈਸਲਾ ਕੀਤਾ।
ਅਭਿਸ਼ੇਕ ਸ਼ਰਮਾ ਅਤੇ ਉਪ ਕਪਤਾਨ ਸ਼ੁਭਮਨ ਗਿੱਲ ਵਿਚਾਲੇ 105 ਦੌੜਾਂ ਦੀ ਜ਼ਬਰਦਸਤ ਭਾਈਵਾਲੀ ਦੀ ਬਦੌਲਤ ਭਾਰਤ ਨੇ 172 ਦੌੜਾਂ ਦੇ ਟੀਚੇ ਨੂੰ ਛੇ ਵਿਕਟਾਂ ਅਤੇ ਸੱਤ ਗੇਂਦਾਂ ਬਾਕੀ ਰਹਿੰਦਿਆਂ 174/4 ਕੇ ਸਕੋਰ ਨਾਲ ਹਾਸਲ ਕਰ ਲਿਆ। ਭਾਰਤ ਨੇ ਸੁਪਰ ਫੋਰ ਗੇੜ ਦੀ ਸ਼ੁਰੂਆਤ ਜਿੱਤ ਨਾਲ ਕੀਤੀ ਅਤੇ ਆਈਸੀਸੀ ਟੀ-20 ਵਿਸ਼ਵ ਕੱਪ 2022 ਦੌਰਾਨ ਮੈਲਬਰਨ ਵਿੱਚ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਤੋਂ ਬਾਅਦ ਟੀ-20 ਵਿੱਚ ਪਾਕਿਸਤਾਨ ਨੂੰ ਲਗਾਤਾਰ ਸੱਤਵੀਂ ਵਾਰ ਹਰਾਇਆ।
ਪਾਕਿਸਤਾਨ ਦੀ ਬੱਲੇਬਾਜ਼ੀ ਦੌਰਾਨ ਸਾਹਿਬਜ਼ਾਦਾ ਫਰਹਾਨ ਨੇ ਆਪਣਾ ਨੀਮ ਸੈਂਕੜਾ ਪੂਰਾ ਕਰਨ ਤੋਂ ਬਾਅਦ ਬੱਲੇ ਨੂੰ ‘ਬੰਦੂਕ’ ਬਣਾ ਕੇ ਜਸ਼ਨ ਮਨਾਇਆ। ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸਲਾਮੀ ਜੋੜੀ ਗਿੱਲ-ਅਭਿਸ਼ੇਕ ਦੀ ਪਾਕਿਸਤਾਨੀ ਗੇਂਦਬਾਜ਼ਾਂ, ਖਾਸ ਕਰਕੇ ਸ਼ਾਹੀਨ ਅਤੇ ਹਾਰਿਸ ਨਾਲ ਗਰਮਾ-ਗਰਮ ਬਹਿਸ ਹੋਈ। ਦਰਅਸਲ ਭਾਰਤੀ ਪਾਰੀ ਦੀ ਪਹਿਲੀ ਗੇਂਦ ’ਤੇ ਸ਼ਾਹੀਨ ਨੂੰ ਛੱਕਾ ਜੜਨ ਮਗਰੋਂ ਅਭਿਸ਼ੇਕ ਨੂੰ ਹਮਲਾਵਰ ਢੰਗ ਨਾਲ ਮੂੰਹ ਵਿਚ ਕੁਝ ਬੋਲਦੇ ਦੇਖਿਆ ਗਿਆ।
ਮੈਚ ਤੋਂ ਬਾਅਦ ਅਭਿਸ਼ੇਕ ਨੇ ਇਨਾਮ ਵੰਡ ਸੈਰੇਮਨੀ ਦੌਰਾਨ ਕਿਹਾ, ‘‘ਅੱਜ ਦਾ ਦਿਨ ਬਹੁਤ ਸਿੱਧਾ ਸਾਦਾ ਸੀ, ਜਿਸ ਤਰ੍ਹਾਂ ਉਹ ਬਿਨਾਂ ਕਿਸੇ ਵਜ੍ਹਾ ਦੇ ਸਾਡੇ ’ਤੇ ਸ਼ਬਦੀ ਹਮਲੇ ਕਰ ਰਹੇ ਸਨ, ਮੈਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ। ਇਸ ਲਈ ਮੈਂ ਉਨ੍ਹਾਂ ਦੇ ਪਿੱਛੇ ਗਿਆ। ਮੈਂ ਟੀਮ ਲਈ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦਾ ਸੀ।’’
1996 ਵਿੱਚ ਵੈਂਕਟੇਸ਼ ਪ੍ਰਸਾਦ ਖਿਲਾਫ਼ ਆਮਿਰ ਸੋਹੇਲ ਦੇ ਹਮਲਾਵਰ ਰੁਖ਼ ਦੀ ਯਾਦ ਦਹਾਕਿਆਂ ਬਾਅਦ ਦੁਬਈ ਦੇ ਇੰਟਰਨੈਸ਼ਨਲ ਸਟੇਡੀਅਮ ਵਿੱਚ ਉਦੋਂ ਮੁੜ ਤਾਜ਼ਾ ਹੋ ਗਈ ਜਦੋਂ ਗਿੱਲ ਨੇ ਸ਼ਾਹੀਨ ਦੀ ਗੇਂਦਬਾਜ਼ੀ ਖਿਲਾਫ਼ ਹਮਲਾਵਰ ਰੁਖ਼ ਅਪਣਾਇਆ। ਤੀਜੇ ਓਵਰ ਦੀ ਆਖਰੀ ਗੇਂਦ ’ਤੇ ਗਿੱਲ ਨੇ ਅੱਗੇ ਵਧ ਐਕਸਟਰਾ ਕਵਰ ’ਤੇ ਚੌਕਾ ਜੜ ਦਿੱਤਾ। ਗਿੱਲ ਦੇ ਇਸ ਸ਼ਾਟ ਮਗਰੋਂ ਮੈਦਾਨ ’ਤੇ ਮਾਹੌਲ ਗਰਮਾ ਗਿਆ। ਗਿੱਲ ਨੇ ਸ਼ਾਹੀਨ ਵੱਲ ਦੇਖਿਆ ਤੇ ਹੱਥ ਨਾਲ ਇਸ਼ਾਰਾ ਕੀਤਾ ਕਿ ਗੇਂਦ ਕਿੱਥੇ ਜਾ ਰਹੀ ਹੈ। ਪੰਜਵੇਂ ਓਵਰ ਦੀ ਆਖਰੀ ਗੇਂਦ ’ਤੇ ਤਣਾਅ ਸਿਖਰ ’ਤੇ ਪਹੁੰਚ ਗਿਆ। ਗਿੱਲ ਨੇ ਸ਼ਾਰਟ ਆਰਮ ਜੈਬ ਲਗਾ ਕੇ ਗੇਂਦ ਨੂੰ ਬਾਊਂਡਰੀ ਲਾਈਨ ਤੋਂ ਪਾਰ ਭੇਜ ਦਿੱਤਾ। ਓਵਰ ਖ਼ਤਰ ਹੋਣ ਮਗਰੋਂ ਅਭਿਸ਼ੇਕ ਤੇ ਰੌਫ਼ ਦਰਮਿਆਨ ਤਿੱਖੀ ਬਹਿਸ ਹੋਈ, ਜਿਸ ਮਗਰੋਂ ਅੰਪਾਇਰ ਗਾਜ਼ੀ ਸੋਹੇਲ ਨੂੰ ਵਿਚ ਪੈ ਕੇ ਦੋਵਾਂ ਨੂੰ ਵੱਖ ਕਰਨਾ ਪਿਆ।
ਗਿੱਲ ਨਾਲ ਆਪਣੀ ਭਾਈਵਾਲੀ ਦੀ ਗੱਲ ਕਰਦਿਆਂ ਅਭਿਸ਼ੇਕ ਨੇ ਕਿਹਾ ਕਿ ਉਹ ਸਕੂਲ ਦੇ ਦਿਨਾਂ ਤੋਂ ਹੀ ਚੰਗੇ ਦੋਸਤ ਹਨ। ਅਭਿਸ਼ੇਕ ਨੇ ਕਿਹਾ, ‘‘ਅਸੀਂ ਸਕੂਲ ਦੇ ਦਿਨਾਂ ਤੋਂ ਹੀ ਖੇਡ ਰਹੇ ਹਾਂ, ਅਸੀਂ ਇੱਕ ਦੂਜੇ ਦੀ ਸੰਗਤ ਦਾ ਆਨੰਦ ਮਾਣਦੇ ਹਾਂ, ਅਸੀਂ ਸੋਚਿਆ ਸੀ ਕਿ ਅਸੀਂ ਇਹ ਕਰਾਂਗੇ, ਅਤੇ ਅੱਜ ਦਾ ਦਿਨ ਸੀ। ਜਿਸ ਤਰ੍ਹਾਂ ਉਹ ਆਪਣੇ ਬੱਲੇ ਨਾਲ ਜਵਾਬ ਦੇ ਰਿਹਾ ਸੀ, ਮੈਨੂੰ ਸੱਚਮੁੱਚ ਬਹੁਤ ਚੰਗਾ ਲੱਗਿਆ। ਜੇਕਰ ਤੁਸੀਂ ਕਿਸੇ ਨੂੰ ਇਸ ਤਰ੍ਹਾਂ ਖੇਡਦੇ ਹੋਏ ਦੇਖਦੇ ਹੋ, ਤਾਂ ਇਹ ਇਸ ਲਈ ਹੈ ਕਿਉਂਕਿ ਟੀਮ ਮੇਰਾ ਸਮਰਥਨ ਕਰਦੀ ਹੈ।’’