ਰਾਫ਼ੇਲ ਨਡਾਲ ਨੇ ਵਿੱਤੀ ਸਲਾਹ ਵਾਲੇ ਆਪਣੇ ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਕੀਤਾ
ਸਪੈਨਿਸ਼ ਖਿਡਾਰੀ ਨੇ ਕਿਹਾ ‘ਗੁੰਮਰਾਹਕੁਨ ਇਸ਼ਤਿਹਾਰਬਾਜ਼ੀ’ ਨਾਲ ਉਸ ਦਾ ਕੋਈ ਲਾਗਾ ਦੇਗਾ ਨਹੀਂ
ਰਾਫੇਲ ਨਡਾਲ ਨੇ ਵਿੱਤੀ ਸਲਾਹ ਦੇਣ ਵਾਲੇ ਆਪਣੇ ਜਾਅਲੀ ਆਨਲਾਈਨ ਵੀਡੀਓ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜੋਖਮਾਂ ਬਾਰੇ ਚੇਤਾਵਨੀ ਦਿੱਤੀ ਹੈ। ਟੈਨਿਸ ਤੋਂ ਸੰਨਿਆਸ ਲੈ ਚੁੱਕੇ ਸਪੈਨਿਸ਼ ਖਿਡਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਕਦੇ ਵੀ ਕਿਸੇ ਵੀ ਆਨਲਾਈਨ ਵੀਡੀਓ ਜਾਂ ਉਨ੍ਹਾਂ ਦੇ ਸੰਦੇਸ਼ਾਂ ਦੀ ਹਮਾਇਤ ਨਹੀਂ ਕੀਤੀ ਹੈ।
ਨਡਾਲ ਨੇ ਲਿੰਕਡਇਨ ’ਤੇ ਲਿਖਿਆ, ‘‘ਮੈਂ ਇਹ ਚੇਤਾਵਨੀ ਸੁਨੇਹਾ ਸਾਂਝਾ ਕਰਨਾ ਚਾਹੁੰਦਾ ਹਾਂ - ਇਹ ਮੇਰੇ ਸੋਸ਼ਲ ਮੀਡੀਆ ਲਈ ਅਸਾਧਾਰਨ ਹੈ, ਪਰ ਜ਼ਰੂਰੀ ਹੈ।’’ ਉਸ ਨੇ ਕਿਹਾ, ‘‘ਹਾਲੀਆ ਦਿਨਾਂ ਵਿੱਚ ਆਪਣੀ ਟੀਮ ਦੇ ਨਾਲ, ਅਸੀਂ ਕੁਝ ਪਲੈਟਫਾਰਮਾਂ ’ਤੇ ਜਾਅਲੀ ਵੀਡੀਓ ਘੁੰਮਦੇ ਦੇਖੇ ਹਨ। ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਬਣਾਏ ਗਏ ਸਨ, ਜਿਸ ਵਿੱਚ ਇੱਕ ਅਜਿਹੀ ਸ਼ਖਸੀਅਤ ਦਿਖਾਈ ਦੇ ਰਹੀ ਹੈ ਜੋ ਮੇਰੀ ਤਸਵੀਰ ਅਤੇ ਆਵਾਜ਼ ਦੀ ਨਕਲ ਕਰਦੀ ਹੈ। ਉਨ੍ਹਾਂ ਵੀਡੀਓਜ਼ ਵਿੱਚ, ਮੇਰੇ ’ਤੇ ਨਿਵੇਸ਼ ਸਲਾਹ ਜਾਂ ਪੇਸ਼ਕਸ਼ਾਂ ਦੇਣ ਦਾ ਝੂਠਾ ਦੋਸ਼ ਲਗਾਇਆ ਜਾ ਰਿਹਾ ਹੈ ਜੋ ਕਿਸੇ ਵੀ ਤਰ੍ਹਾਂ ਮੇਰੇ ਨਾਲ ਸਬੰਧਤ ਨਹੀਂ ਹਨ।’’ ਨਡਾਲ ਨੇ ਕਿਹਾ ਕਿ ਇਹ ‘ਗੁੰਮਰਾਹਕੁਨ ਇਸ਼ਤਿਹਾਰਬਾਜ਼ੀ’ ਸੀ ਜਿਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਸੀ।
ਨਡਾਲ ਨੇ ਸਮਾਜ ਨੂੰ ਦਰਪੇਸ਼ ਚੁਣੌਤੀਆਂ ਬਾਰੇ ਵੀ ਗੱਲ ਕੀਤੀ, ਜਿਵੇਂ ਕਿ ਹਕੀਕਤ ਅਤੇ ਮਨਘੜਤ ਵਿੱਚ ਫਰਕ ਕਰਨਾ ਸਿੱਖਣਾ, ਅਤੇ ‘ਤਕਨਾਲੋਜੀ ਦੀ ਨੈਤਿਕ ਅਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨਾ’। ਉਸ ਨੇ ਕਿਹਾ, ‘‘ਨਵੀਨਤਾ ਹਮੇਸ਼ਾ ਸਕਾਰਾਤਮਕ ਹੁੰਦੀ ਹੈ ਜਦੋਂ ਇਹ ਲੋਕਾਂ ਦੀ ਮਦਦ ਕਰਦੀ ਹੈ, ਪਰ ਸਾਨੂੰ ਇਸਦੇ ਜੋਖਮਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਆਲੋਚਨਾਤਮਕ ਸੋਚ ਨਾਲ ਇਸ ਤੱਕ ਪਹੁੰਚ ਕਰਨੀ ਚਾਹੀਦੀ ਹੈ।’’
ਉਸ ਨੇ ਕਿਹਾ, ‘‘ਮਸਨੂਈ ਬੌਧਿਕਤਾ ਇੱਕ ਅਜਿਹਾ ਸਾਧਨ ਹੈ ਜਿਸ ਵਿੱਚ ਬਹੁਤ ਸੰਭਾਵਨਾ ਹੈ, ਜੋ ਸਿੱਖਿਆ, ਦਵਾਈ, ਖੇਡਾਂ ਅਤੇ ਸੰਚਾਰ ਵਿੱਚ ਅਸਾਧਾਰਨ ਤਰੱਕੀ ਲਿਆਉਣ ਦੇ ਸਮਰੱਥ ਹੈ। ਹਾਲਾਂਕਿ, ਇਸ ਦੀ ਦੁਰਵਰਤੋਂ ਵੀ ਕੀਤੀ ਜਾ ਸਕਦੀ ਹੈ, ਗਲਤ ਸਮੱਗਰੀ ਪੈਦਾ ਕੀਤੀ ਜਾ ਸਕਦੀ ਹੈ ਜੋ ਉਲਝਣ ਪੈਦਾ ਕਰਦੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਧੋਖਾ ਦਿੰਦੀ ਹੈ।’’