ਰਚਨਾ ਤੇ ਮੋਨੀ ਨੇ ਅੰਡਰ-17 ਕੁਸ਼ਤੀ ਟਰਾਇਲ ਜਿੱਤੇ
ਨਵੀਂ ਦਿੱਲੀ, 7 ਜੁਲਾਈ
ਏਸ਼ਿਆਈ ਚੈਂਪੀਅਨਸ਼ਿਪ ਵਿੱਚ ਤਗ਼ਮੇ ਜੇਤੂ ਛੇ ਪਹਿਲਵਾਨਾਂ ਨੇ ਅੱਜ ਚੋਣ ਟਰਾਇਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਲਈ ਕੌਮੀ ਟੀਮ ਵਿੱਚ ਜਗ੍ਹਾ ਬਣਾਈ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਨੇ ਟਰਾਇਲ ਹਾਲ ਹੀ ਵਿੱਚ ਕਰਵਾਈ ਗਈ ਅੰਡਰ-17 ਕੌਮੀ ਚੈਂਪੀਅਨਸ਼ਿਪ ਦੇ ਤਗਮਾ ਜੇਤੂਆਂ ਤੱਕ ਸੀਮਤ ਕਰ ਦਿੱਤੇ ਸਨ, ਜਿਸ ਕਾਰਨ 10 ਵਰਗਾਂ ’ਚੋਂ ਹਰੇਕ ਵਿੱਚ ਵਧੀਆ ਪਹਿਲਵਾਨ ਹੀ ਮੁਕਾਬਲਾ ਕਰ ਰਹੇ ਸਨ, ਜਿਸ ਨਾਲ ਮੁਕਾਬਲੇਬਾਜ਼ਾਂ ਦੀ ਗਿਣਤੀ ਵੀ ਸੀਮਤ ਹੋ ਗਈ ਸੀ।
ਇਸ ਦੌਰਾਨ ਹਰਿਆਣਾ ਦੀ ਰਚਨਾ ਪਰਮਾਰ (43 ਕਿਲੋ ਭਾਰ ਵਰਗ), ਦਿੱਲੀ ਦੀ ਮੋਨੀ (57 ਕਿਲੋ), ਰਾਜਸਥਾਨ ਦੀ ਅਸ਼ਵਨੀ ਵੈਸ਼ਨੋ (65 ਕਿਲੋ) ਅਤੇ ਹਰਿਆਣਾ ਦੀ ਮਨੀਸ਼ਾ (69 ਕਿਲੋ) ਆਪੋ-ਆਪਣੇ ਵਰਗਾਂ ਵਿੱਚ ਜੇਤੂ ਰਹੀਆਂ। ਇਨ੍ਹਾਂ ਸਾਰਿਆਂ ਨੇ ਵੀਅਤਨਾਮ ਵਿੱਚ ਏਸ਼ੀਅਨ ਚੈਂਪੀਅਨਸ਼ਿਪ ’ਚ ਸੋਨ ਤਗਮੇ ਜਿੱਤੇ ਸਨ। ਟਰਾਇਲ ਜਿੱਤ ਕੇ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਵਾਲੇ ਹੋਰ ਪਹਿਲਵਾਨਾਂ ਵਿੱਚ ਉੱਤਰ ਪ੍ਰਦੇਸ਼ ਦੀ ਪ੍ਰੀਤੀ (40 ਕਿਲੋਗ੍ਰਾਮ), ਕਸ਼ਿਸ਼ (46 ਕਿਲੋਗ੍ਰਾਮ), ਕੋਮਲ (49 ਕਿਲੋਗ੍ਰਾਮ), ਯਸ਼ਿਤਾ (61 ਕਿਲੋਗ੍ਰਾਮ) ਅਤੇ ਕਾਜਲ (73 ਕਿਲੋਗ੍ਰਾਮ) ਸ਼ਾਮਲ ਹਨ। -ਪੀਟੀਆਈ