ਪੰਜਾਬ ਦੀਆਂ ਸ਼ਾਟਪੁੱਟ ਖਿਡਾਰਨਾਂ ਏਸ਼ਿਆਈ ਯੂਥ ਖੇਡਾਂ ’ਚ ਲੈਣਗੀਆਂ ਹਿੱਸਾ
ਭਾਰਤੀ ਖਿਡਾਰੀਆਂ ਦਾ 35 ਮੈਂਬਰੀ ਦਲ ਬਹਿਰੀਨ ਰਵਾਨਾ
ਪੰਜਾਬ ਦੀਆਂ ਦੋ ਸ਼ਾਟਪੁੱਟ ਖਿਡਾਰਨਾਂ ਜੈਸਮੀਨ ਕੌਰ ਰੂਪਨਗਰ ਤੇ ਮੁਹਾਲੀ ਦੇ ਸੈਕਟਰ 70 ਵਿੱਚ ਪੈਂਦੇ ਪਿੰਡ ਮਟੌਰ ਦੇ ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਣ ਦੀ ਧੀ ਜੁਆਏ ਬੈਦਵਾਣ ਬਹਿਰੀਨ ’ਚ ਹੋਣ ਵਾਲੀਆਂ ਏਸ਼ਿਆਈ ਯੂਥ ਖੇਡਾਂ ਵਿੱਚ ਹਿੱਸਾ ਲੈਣ ਲਈ ਰਵਾਨਾ ਹੋ ਗਈਆਂ ਹਨ। ਦੋਵੇਂ ਖਿਡਾਰਨਾਂ ਸ਼ਾਟਪੁੱਟ ਦੇ ਅੰਡਰ 18 ਵਰਗ ’ਚ ਹਿੱਸਾ ਲੈਣਗੀਆਂ। ਦੋਵਾਂ ਦੀ ਚੋਣ ਇਸੇ ਮਹੀਨੇ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ ਵੱਲੋਂ 10 ਅਤੇ 11 ਅਕਤੂਬਰ ਨੂੰ ਭੁਬਨੇਸ਼ਵਰ (ਉੜੀਸਾ) ਵਿੱਚ ਹੋਏ ਟਰਾਇਲ ਮਗਰੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅਥਲੈਟਿਕ ਫੈਡਰੇਸ਼ਨ ਆਫ ਇੰਡੀਆ (ਏ ਐੱਫ ਆਈ) ਵੱਲੋਂ ਬਹਿਰੀਨ ’ਚ ਖੇਡਾਂ ਲਈ ਭੇਜੇ ਗਏ 35 ਮੈਂਬਰੀ ਦਲ ’ਚ 24 ਖਿਡਾਰੀ ਤੇ 11 ਸਹਿਯੋਗੀ ਮੈਂਬਰ, ਕੋਚ, ਡਾਕਟਰ ਤੇ ਹੋਰ ਅਮਲਾ ਸ਼ਾਮਿਲ ਹੈ। ਦਿੱਲੀ ਤੋਂ ਰਵਾਨਾ ਕੀਤੇ ਗਏ ਗਰੁੱਪ ਵਿਚ ਪੰਜਾਬ ਦੀਆਂ ਸਿਰਫ਼ ਦੋ ਖਿਡਾਰਨਾਂ ਹੀ ਸ਼ਾਮਲ ਹਨ। ਇਹ ਗਰੁੱਪ 23 ਅਕਤੂਬਰ ਤੋਂ 28 ਅਕਤੂਬਰ ਤੱਕ ਬਹਿਰੀਨ ’ਚ ਖੇਡਾਂ ’ਚ ਹਿੱਸਾ ਲਵੇਗਾ।
ਮੁੱਕੇਬਾਜ਼ੀ ਦਲ ਬਹਿਰੀਨ ਰਵਾਨਾ
ਨਵੀਂ ਦਿੱਲੀ: ਭਾਰਤ ਦਾ 23 ਮੈਂਬਰੀ ਮੁੱਕੇਬਾਜ਼ੀ ਦਲ 23 ਅਕਤੂਬਰ ਤੋਂ ਸ਼ੁਰੂ ਹੋਣ ਵਾਲੀਆਂ ਤੀਜੀਆਂ ਏਸ਼ਿਆਈ ਯੂਥ ਖੇਡਾਂ ’ਚ ਹਿੱਸਾ ਲਈ ਲੈਣ ਲਈ ਅੱਜ ਮਨਾਮਾ (ਬਹਿਰੀਨ) ਰਵਾਨਾ ਹੋ ਗਿਆ। ਟੀਮ ਵਿੱਚ ਧਰੁਵ ਖਰਬ, ਊਧਮ ਸਿੰਘ ਰਾਘਵ, ਖੁਸ਼ੀ ਚੰਦ, ਅਹਾਨਾ ਸ਼ਰਮਾ ਤੇ ਚੰਦਰਿਕਾ ਭੋਰੇਸ਼ੀ ਪੁਜਾਰੀ ਵਰਗੇ ਕੌਮੀ ਸੋਨ ਤਗ਼ਮਾ ਜੇਤੂ ਮੁੱਕੇਬਾਜ਼ ਸ਼ਾਮਿਲ ਹਨ ਜਿਨ੍ਹਾਂ ਨੇ ਹਾਲ ਹੀ ਦੌਰਾਨ ਭਾਰਤ ਵੱਲੋਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਟੀਮ ਵਿੱਚ ਕਈ ਅਜਿਹੇ ਮੁੱਕੇਬਾਜ਼ ਵੀ ਸ਼ਾਮਲ ਹਨ ਜਿਨ੍ਹਾਂ ਨੇ ਜੁਲਾਈ ਮਹੀਨੇ ਏਸ਼ਿਆਈ ਅੰਡਾ-17 ਚੈਂਪੀਅਨਸ਼ਿਪ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ ਅਤੇ ਭਾਰਤ 43 ਤਗ਼ਮੇ ਜਿੱਤ ਕੇ ਦੂਜਾ ਸਥਾਨ ’ਤੇ ਰਿਹਾ ਸੀ। ਏਸ਼ਿਆਈ ਯੂਥ ਖੇਡਾਂ ’ਚ ਭਾਰਤੀ ਦਲ ਅੰਡਰ-17 ਉਮਰ ਵਰਗ ਵਿੱਚ 14 ਭਾਰ ਵਰਗਾਂ ਮੁਕਾਬਲਾ ਕਰੇਗਾ। ਇਸ ਵਿੱਚ ਲੜਕੇ ਤੇ ਲੜਕੀਆਂ ਦੇ ਸੱਤ-ਸੱਤ ਭਾਰ ਵਰਗ ਸ਼ਾਮਲ ਹਨ। -ਪੀਟੀਆਈ