Punjab News: National School Games ’ਚ ਮੱਲਾਂ ਮਾਰਨ ਵਾਲੀ ਖਿਡਾਰਨ ਹੋਈ ਸਰਕਾਰੀ ਬੇਰੁਖ਼ੀ ਦਾ ਸ਼ਿਕਾਰ?
ਕੌਮੀ ਸਕੂਲ ਖੇਡਾਂ ’ਚ ਸਟੈਂਡਿੰਗ ਲੌਗ ਜੰਪ ਵਿੱਚ ਦੇਸ਼ ਭਰ ਵਿੱਚੋਂ ਅੱਵਲ ਰਹੀ ਸਿਮਰਨ ਨੇ ਜਿੱਤੇ ਹੋਰ ਵੀ ਕਈ ਤਗ਼ਮੇ; ਕੋਈ ਸਰਕਾਰੀ ਮਾਣ-ਸਨਮਾਨ ਨਾ ਮਿਲਣ ਕਾਰਨ ਪਰਿਵਾਰ ਦੁਖੀ
ਹਰਦੀਪ ਸਿੰਘ
ਧਰਮਕੋਟ, 11 ਫਰਵਰੀ
Punjab News: ਨੰਨ੍ਹੀ ਕਲੀ ਪ੍ਰੋਜੈਕਟ ਅਧੀਨ ਹੋਈਆਂ ਰਾਸ਼ਟਰੀ ਸਕੂਲ ਖੇਡਾਂ ਵਿੱਚ ਨਜ਼ਦੀਕੀ ਪਿੰਡ ਰਾਊਵਾਲਾ ਦੇ ਸ਼ਹੀਦ ਜਿਉਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨੇ ਮਾਣਮੱਤੀ ਪ੍ਰਾਪਤੀ ਕੀਤੀ ਹੈ। ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਵਿਖੇ ਹੋਈਆਂ ਕੌਮੀ ਸਕੂਲ ਖੇਡਾਂ ’ਚ ਇਸ ਵਿਦਿਆਰਥਣ ਸਿਮਰਨ ਕੌਰ ਨੇ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਇਨ੍ਹਾਂ ਖੇਡਾਂ ਵਿਚ 19 ਸੂਬਿਆਂ ਦੇ ਖਿਡਾਰੀਆਂ ਨੂੰ ਹਿੱਸਾ ਲਿਆ।
ਦੂਜੇ ਪਾਸੇ ਇਸ ਖਿਡਾਰਨ ਨੂੰ ਸਰਕਾਰੀ ਪੱਧਰ ਉੱਤੇ ਕੋਈ ਮਾਣ ਸਨਮਾਨ ਨਾ ਮਿਲਣ ਕਾਰਨ ਪਰਿਵਾਰ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਦੱਸਿਆ ਕਿ ਖਿਡਾਰਨ ਸਿਮਰਨ ਕੌਰ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਸਰਕਾਰੀ ਨੰਨ੍ਹੀ ਕਲੀ ਪ੍ਰੋਜੈਕਟ ਤਹਿਤ ਉਕਤ ਵਿਦਿਆਰਥਣ ਵੱਲੋਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਤੋਂ ਬਾਅਦ ਉਸ ਦੀ ਚੋਣ ਕੌਮੀ ਸਕੂਲ ਖੇਡਾਂ ਲਈ ਕੀਤੀ ਗਈ।
ਕੌਮੀ ਖੇਡਾਂ ਵਿਚ ਉਸ ਨੇ ਸਟੈਂਡਿੰਗ ਲੌਗ ਜੰਪ ਵਿੱਚ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਜਿੱਤਿਆ ਅਤੇ 50 ਮੀਟਰ ਦੌੜ ਵਿੱਚ ਦੂਜੇ ਸਥਾਨ ਉੱਤੇ ਰਹਿ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਇਸ ਵਿਦਿਆਰਥਣ ਦੀ ਵੱਡੀ ਪ੍ਰਾਪਤੀ ਨਾਲ ਸਕੂਲ ਦਾ ਨਾਮ ਦੇਸ਼ ਭਰ ਵਿਚ ਉੱਚਾ ਹੋਇਆ ਹੈ।
ਇਸ ਦੇ ਬਾਵਜੂਦ ਇਸ ਹੋਣਹਾਰ ਵਿਦਿਆਰਥਣ ਖਿਡਾਰਨ ਦੇ ਮਾਣ-ਸਨਮਾਨ ਲਈ ਅਜੇ ਤੱਕ ਸਰਕਾਰੀ ਤੌਰ ’ਤੇ ਕੋਈ ਉਪਰਾਲਾ ਨਹੀਂ ਹੋਇਆ। ਉਸ ਦੇ ਆਪਣੇ ਪਿੰਡ ਖੰਬੇ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਉਸ ਦੀ ਹੌਸਲਾਅਫਜ਼ਾਈ ਜ਼ਰੂਰ ਕੀਤੀ ਹੈ।
ਸਰਪੰਚ ਗੁਰਜੀਤ ਸਿੰਘ ਨੇ ਕਿਹਾ ਕਿ ਇਸ ਵਿਦਿਆਰਥਣ ਸਦਕਾ ਪਿੰਡ ਅਤੇ ਸਕੂਲ ਦਾ ਨਾਮ ਉਚਾ ਹੋਇਆ ਹੈ। ਵਿਦਿਆਰਥਣ ਦੇ ਪਿਤਾ ਕਾਰਜ ਸਿੰਘ ਦਾ ਕਹਿਣਾ ਸੀ ਅਤੇ ਉਨ੍ਹਾਂ ਦੀ ਧੀ ਗਰੀਬ ਮਿਹਨਤੀ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਸਰਕਾਰਾਂ ਦੀਆਂ ਨਜ਼ਰਾਂ ਤੋਂ ਉਹਲੇ ਹੈ।
ਆਜ਼ਾਦੀ ਦਿਹਾੜੇ ਮੌਕੇ ਹੋਵੇਗਾ ਵਿਦਿਆਰਥਣ ਦਾ ਸਨਮਾਨ: ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ
ਇਸ ਸਬੰਧੀ ਜ਼ਿਲ੍ਹਾ ਖੇਡ ਕੋਆਰਡੀਨੇਟਰ ਬਲਵਿੰਦਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਨੰਨ੍ਹੀ ਕਲੀ ਪ੍ਰੋਜੈਕਟ ਕੇਂਦਰ ਸਰਕਾਰ ਦੇ ਅਧੀਨ ਹੋਣ ਕਾਰਨ ਇਸ ਵਿਦਿਆਰਥਣ ਦੀ ਕੌਮੀ ਖੇਡ ਪ੍ਰਾਪਤੀ ਵਿਭਾਗ ਦੇ ਧਿਆਨ ਵਿੱਚ ਨਹੀਂ ਆਈ। ਉਨ੍ਹਾਂ ਕਿਹਾ ਕ 15 ਅਗਸਤ ਨੂੰ ਆਜ਼ਾਦੀ ਦਿਹਾੜੇ ਮੌਕੇ ਇਸ ਖਿਡਾਰਨ ਦਾ ਸਰਕਾਰੀ ਤੌਰ ’ਤੇ ਵਿਸ਼ੇਸ਼ ਸਨਮਾਨ ਕਰਵਾਇਆ ਜਾਵੇਗਾ।