ਪੰਜਾਬ ਹਾਕੀ ਲੀਗ: ਸਾਈ ਸੋਨੀਪਤ ਨੇ ਤਾਮਿਲਨਾਡੂ ਨੂੰ 3-0 ਨਾਲ ਹਰਾਇਆ
ਹਾਕੀ ਪੰਜਾਬ ਅਤੇ ਰਾਊਂਡ ਗਲਾਸ ਸਪੋਰਟਸ ਵੱਲੋਂ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਸਾਂਝੇ ਤੌਰ ’ਤੇ ਕਰਵਾਈ ਜਾ ਰਹੀ ਜੂਨੀਅਰ ਵਰਗ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਵਾਲੀ ‘ਪੰਜਾਬ ਹਾਕੀ ਲੀਗ 2025’ ਦੇ ਦੂਜੇ ਗੇੜ ਦੇ ਮੁਕਾਬਲਿਆਂ ਵਿੱਚ ਅੱਜ ਰਾਊਂਡ ਗਲਾਸ, ਨੇਵਲ ਟਾਟਾ ਜਮਸ਼ੇਦਪੁਰ, ਸਾਈ ਸੋਨੀਪਤ ਅਤੇ ਨਾਮਧਾਰੀ ਅਕੈਡਮੀ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕੀਤੀਆਂ।
ਦਿਨ ਦੇ ਪਹਿਲੇ ਮੈਚ ਵਿੱਚ ਸਾਈ ਸੋਨੀਪਤ ਨੇ ਐੱਸ ਡੀ ਏ ਟੀ ਤਾਮਿਲਨਾਡੂ ’ਤੇ ਪੂਰੀ ਤਰ੍ਹਾਂ ਦਬਦਬਾ ਬਣਾਉਂਦਿਆਂ 3-0 ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਸੋਨੀਪਤ ਦੇ ਸੁਨੀਲ ਨੂੰ ਉਸ ਦੇ ਬਿਹਤਰੀਨ ਪ੍ਰਦਰਸ਼ਨ ਲਈ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਇਸੇ ਤਰ੍ਹਾਂ ਨਾਮਧਾਰੀ ਅਕੈਡਮੀ ਨੇ ਗੁਮਹੇਰਾ ਹਾਕੀ ਅਕੈਡਮੀ ਨੂੰ 2-0 ਦੇ ਫਰਕ ਨਾਲ ਹਰਾਇਆ। ਇਸ ਮੈਚ ਵਿੱਚ ਮਨਦੀਪ ਸਿੰਘ ਸਟਾਰ ਖਿਡਾਰੀ ਰਿਹਾ।
ਦਿਨ ਦੇ ਬਾਕੀ ਦੋ ਮੈਚ ਬਹੁਤ ਫਸਵੇਂ ਅਤੇ ਰੋਮਾਂਚਕ ਰਹੇ। ਇਸ ਦੌਰਾਨ ਨੇਵਲ ਟਾਟਾ ਅਕੈਡਮੀ ਜਮਸ਼ੇਦਪੁਰ ਨੇ ਮੇਜ਼ਬਾਨ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ 4-3 ਨਾਲ ਹਰਾਇਆ। ਨੇਵਲ ਟਾਟਾ ਦੇ ਅਫਰੀਦੀ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਚੁਣਿਆ ਗਿਆ। ਇਸੇ ਤਰ੍ਹਾਂ ਇੱਕ ਹੋਰ ਸਖ਼ਤ ਮੁਕਾਬਲੇ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਨੇ ਐੱਸ ਜੀ ਪੀ ਸੀ ਅਕੈਡਮੀ ਅੰਮ੍ਰਿਤਸਰ ਨੂੰ 4-3 ਨਾਲ ਮਾਤ ਦਿੱਤੀ।
ਅੱਜ ਦੇ ਮੈਚਾਂ ਦੌਰਾਨ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਹਾਕੀ ਦੀਆਂ ਕਈ ਉੱਘੀਆਂ ਸ਼ਖ਼ਸੀਅਤਾਂ ਮੌਜੂਦ ਸਨ। ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਮਨਪ੍ਰੀਤ ਸਿੰਘ, ਓਲੰਪੀਅਨ ਦਿਲਪ੍ਰੀਤ ਸਿੰਘ, ਓਲੰਪੀਅਨ ਸ਼ਮਸ਼ੇਰ ਸਿੰਘ ਅਤੇ ਓਲੰਪੀਅਨ ਹਾਰਦਿਕ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਓਲੰਪੀਅਨ ਸੰਜੀਵ ਕੁਮਾਰ, ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ, ਅਸ਼ਫਾਕ ਉਲਾ ਖਾਨ, ਰਿਪੁਦਮਨ ਕੁਮਾਰ ਸਿੰਘ ਅਤੇ ਸਪੋਰਟਸ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਰਣਬੀਰ ਸਿੰਘ ਸਮੇਤ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।