ਐਂਟਵਰਪ (ਬੈਲਜੀਅਮ), 21 ਜੂਨ
ਭਾਰਤੀ ਮਹਿਲਾ ਹਾਕੀ ਟੀਮ ਨੂੰ ਐੱਫਆਈਐੱਚ ਪ੍ਰੋ ਲੀਗ ਵਿੱਚ ਅੱਜ ਇੱਥੇ ਬੈਲਜੀਅਮ ਹੱਥੋਂ 1-5 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਟੂਰਨਾਮੈਂਟ ਦੇ ਯੂਰਪੀ ਗੇੜ ਵਿੱਚ ਭਾਰਤੀ ਟੀਮ ਦੀ ਲਗਾਤਾਰ ਪੰਜਵੀਂ ਹਾਰ ਹੈ। ਟੀਮ ਇਸ ਤੋਂ ਪਹਿਲਾਂ ਲੰਡਨ ਵਿੱਚ ਆਸਟਰੇਲੀਆ ਅਤੇ ਅਰਜਨਟੀਨਾ ਤੋਂ ਦੋ-ਦੋ ਮੈਚ ਹਾਰ ਗਈ ਸੀ। ਅੱਜ ਦੀਪਿਕਾ (ਛੇਵੇਂ ਮਿੰਟ) ਨੇ ਭਾਰਤ ਨੂੰ ਲੀਡ ਦਿਵਾਈ ਪਰ ਬੈਲਜੀਅਮ ਨੇ ਅੱਧੇ ਸਮੇਂ ਤੋਂ ਬਾਅਦ ਦਬਦਬਾ ਬਣਾਇਆ ਅਤੇ ਹੈਲਨ ਬ੍ਰੇਸਰ (37ਵਾਂ, 55ਵਾਂ), ਲੂਸੀ ਬ੍ਰੇਨ (41ਵਾਂ), ਆਂਬਰੇ ਬੈਲੇਂਗਿਨ (54ਵਾਂ) ਅਤੇ ਸ਼ੈਰਲੋਟ ਐਂਗਲਬਰਗ (58ਵਾਂ) ਦੇ ਗੋਲਾਂ ਸਦਕਾ ਜਿੱਤ ਦਰਜ ਕੀਤੀ। ਬੈਲਜੀਅਮ ਨੇ ਹਮਲਾਵਰ ਸ਼ੁਰੂਆਤ ਕੀਤੀ। ਜਦੋਂਕਿ ਭਾਰਤ ਦੀ ਰੱਖਿਆਤਮਕ ਰੁਖ਼ ਅਪਣਾਉਣ ਦੀ ਰਣਨੀਤੀ ਉਲਟੀ ਪੈ ਗਈ। -ਪੀਟੀਆਈ
ਭਾਰਤੀ ਪੁਰਸ਼ ਟੀਮ ਵੀ ਬੈਲਜੀਅਮ ਹੱਥੋਂ ਹਾਰੀ
ਭਾਰਤੀ ਪੁਰਸ਼ ਹਾਕੀ ਟੀਮ ਨੂੰ ਇੱਥੇ ਪ੍ਰੋ ਲੀਗ ਦੇ ਯੂਰਪੀ ਗੇੜ ਵਿੱਚ ਬੈਲਜੀਅਮ ਤੋਂ 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੂਰਨਾਮੈਂਟ ਵਿੱਚ ਇਹ ਉਸ ਦੀ ਲਗਾਤਾਰ ਸੱਤਵੀਂ ਹਾਰ ਹੈ। ਮੈਚ ਵਿੱਚ ਬੈਲਜੀਅਮ ਨੂੰ ਛੇ, ਜਦਕਿ ਭਾਰਤ ਨੂੰ ਨੌਂ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਟੀਮ ਇਸ ਦਾ ਫਾਇਦਾ ਨਾ ਉਠਾ ਸਕੀ। ਇਸ ਤੋਂ ਪਹਿਲਾਂ ਭਾਰਤ ਨੂੰ ਨੈਦਰਲੈਂਡਜ਼ ਹੱਥੋਂ 1-2 ਅਤੇ 2-3, ਅਰਜਨਟੀਨਾ ਹੱਥੋਂ 2-3 ਤੇ 1-2, ਜਦਕਿ ਆਸਟਰੇਲੀਆ ਹੱਥੋਂ 2-3, 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਹੁਣ 15 ਅੰਕਾਂ ਨਾਲ ਨੌਂ ਟੀਮਾਂ ਦੀ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਹੈ। ਭਾਰਤ ਨੇ 5 ਮੈਚ ਜਿੱਤੇ ਅਤੇ 10 ਹਾਰੇ ਹਨ। -ਪੀਟੀਆਈ