Pro Hockey League: ਭਾਰਤੀ ਮਹਿਲਾ ਹਾਕੀ ਟੀਮ ਆਸਟਰੇਲੀਆ ਤੋਂ 1-2 ਨਾਲ ਹਾਰੀ
ਭਾਰਤ ਵੱਲੋਂ ਵੈਸ਼ਨਵੀ ਨੇ ਦਾਗਿਆ ਇਕਲੌਤਾ ਗੋਲ; ਅਰਜਨਟੀਨਾ ਨਾਲ ਮੁਕਾਬਲਾ ਭਲਕੇ
ਲੰਡਨ, 15 ਜੂਨ
ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਮੈਚ ’ਚ ਆਸਟਰੇਲੀਆ ਨੂੰ ਸਖਤ ਟੱਕਰ ਦਿੱਤੀ ਪਰ ਆਖਰੀ ਮਿੰਟ ’ਚ ਗੋਲ ਹੋਣ ਕਾਰਨ ਉਸ ਨੂੰ 1-2 ਨਾਲ ਹਾਰ ਸਹਿਣੀ ਪਈ। ਆਸਟਰੇਲੀਆ ਮੁਕਾਬਲੇ ਭਾਰਤ ਦੀ ਇਹ ਲਗਾਤਾਰ ਦੂਜੀ ਹਾਰ ਹੈ। ਟੀਮ ਨੂੰ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਅੱਜ ਮੈਚ ਦੌਰਾਨ ਵੈਸ਼ਨਵੀ ਫਾਲਕੇ ਦੇ ਮੈਦਾਨੀ ਗੋਲ ਸਦਕਾ ਭਾਰਤੀ ਟੀਮ ਨੇ ਤੀਜੇ ਮਿੰਟ ’ਚ ਲੀਡ ਹਾਸਲ ਕਰ ਲਈ ਜਦਕਿ ਆਸਟਰੇਲੀਆ ਨੇ ਮੈਚ ਦੇ 37ਵੇਂ ਮਿੰਟ ’ਚ ਐਮੀ ਲਾਅਟਨ ਦੇ ਗੋਲ ਨਾਲ ਸਕੋਰ ਬਰਾਬਰ ਕਰ ਲਿਆ। ਮੈਚ ਤੈਅ ਸਮੇਂ ’ਚ ਬਰਾਬਰੀ ਵੱਲ ਵਧ ਰਿਹਾ ਪਰ 60ਵੇਂ ਮਿੰਟ ’ਚ ਲੈਕਸੀ ਪਿਕਰਿੰਗ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਭਾਰਤੀ ਟੀਮ ਨੂੰ ਨਿਰਾਸ਼ ਕਰ ਦਿੱਤਾ।
ਭਾਰਤੀ ਟੀਮ ਨੇ ਮੈਚ ਦੇ ਸ਼ੁਰੂਆਤੀ ਮਿੰਟ ’ਚ ਆਸਟਰੇਲੀਆ ’ਤੇ ਦਬਾਅ ਬਣਾਉਂਦਿਆਂ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ। ਇਸ ਦਬਾਅ ਨੂੰ ਕਾਇਮ ਰੱਖਦਿਆਂ ਟੀਮ ਨੇ ਤੀਜੇ ਮਿੰਟ ’ਚ ਗੋਲ ਦਾਗਦਿਆਂ ਲੀਡ ਹਾਸਲ ਕਰ ਲਈ। ਨਵਨੀਤ ਕੌਰ ਨੇ ਆਸਟਰੇਲਿਆਈ ਖਿਡਾਰਨਾਂ ਝਕਾਨੀ ਦਿੰਦਿਆਂ ਗੇਂਦ ਸ਼ਰਮੀਲਾ ਦੇਵੀ ਨੂੰ ਪਾਸ ਕੀਤੀ। ਸ਼ਰਮੀਲਾ ਦੇ ਪਾਸ ’ਤੇ ਵੈਸ਼ਨਵੀ ਨੇ ਗੋਲ ਦਾਗ ਟੀਮ ਦਾ ਖਾਤਾ ਖੋਲ੍ਹਿਆ। ਇਸ ਮਗਰੋਂ ਨਵਨੀਤ ਨੂੰ ਲੀਡ ਦੁੱਗਣੀ ਕਰਨ ਦਾ ਮੌਕਾ ਮਿਲਿਆ ਪਰ ਉਹ ਖੁੰਝ ਗਈ। ਆਸਟਰੇਲੀਆ ਨੂੰ ਵੀ ਸ਼ੁਰੂਆਤੀ ਕੁਆਰਟਰ ’ਚ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਇਨ੍ਹਾਂ ਨੂੰ ਗੋਲ ’ਚ ਬਦਲਣ ’ਚ ਨਾਕਾਮ ਰਹੀ। ਹਾਲਾਂਕਿ ਅੱਧੇ ਸਮੇਂ ਮਗਰੋਂ ਆਸਟਰੇਲੀਆ ਨੇ ਤੇਜ਼ ਤਰਾਰ ਖੇਡ ਦਿਖਾਈ ਤੇ ਲਾਅਟਨ ਨੇ 37ਵੇਂ ਮਿੰਟ ’ਚ ਗੋਲ ਦਾਗ ਕੇ ਸਕੋਰ ਬਰਾਬਰ ਕਰ ਦਿੱਤਾ। ਭਾਰਤੀ ਮਹਿਲਾ ਟੀਮ ਨੇ 54ਵੇਂ ਮਿੰਟ ’ਚ ਚਾਰ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਖਿਡਾਰਨਾਂ ਇਨ੍ਹਾਂ ਨੂੰ ਗੋਲ ’ਚ ਨਾ ਬਦਲ ਸਕੀਆਂ। ਜਦਕਿ ਮੈਚ ਖਤਮ ਤੋਂ ਸਿਰਫ 34 ਸਕਿੰਟ ਪਹਿਲਾਂ ਆਸਟਰੇਲੀਆ ਨੇ ਪੈਨਲਟੀ ਕਾਰਨ ਨੂੰ ਗੋਲ ’ਚ ਬਦਲ ਕੇ ਜਿੱਤ ਹਾਸਲ ਕਰ ਲਈ। ਭਾਰਤੀ ਟੀਮ ਹੁਣ ਮੰਗਲਵਾਰ ਨੂੰ ਅਰਜਨਟੀਨਾ ਖ਼ਿਲਾਫ਼ ਖੇਡੇਗੀ। -ਪੀਟੀਆਈ