Power-lifter Dies During Practice: ਪ੍ਰੈਕਟਿਸ ਦੌਰਾਨ 270 ਕਿਲੋ ਦੀ ਰਾਡ ਗਰਦਨ 'ਤੇ ਡਿੱਗਣ ਕਾਰਨ ਮਹਿਲਾ ਪਾਵਰ-ਲਿਫਟਰ ਦੀ ਮੌਤ
Gold medallist female power-lifter dies after 270-kg rod falls on neck in Bikaner
ਜੈਪੁਰ, 19 ਫਰਵਰੀ
ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਵਿੱਚ ਖੇਡ ਦੀ ਪ੍ਰੈਕਟਿਸ ਦੌਰਾਨ 270 ਕਿਲੋਗ੍ਰਾਮ ਦੀ ਰਾਡ ਗਰਦਨ 'ਤੇ ਡਿੱਗਣ ਨਾਲ ਜੂਨੀਅਰ ਕੌਮੀ ਖੇਡਾਂ (Junior National Games) ਦੀ ਸੋਨ ਤਗ਼ਮਾ ਜੇਤੂ ਮਹਿਲਾ ਪਾਵਰ-ਲਿਫਟਰ ਦੀ ਮੌਤ ਹੋ ਗਈ। ਇਹ ਜਾਣਕਾਰੀ ਰਾਜਸਥਾਨ ਪੁਲੀਸ ਨੇ ਬੁੱਧਵਾਰ ਨੂੰ ਦਿੱਤੀ ਹੈ।
ਮਹਿਲਾ ਪਾਵਰ-ਲਿਫਟਰ ਯਸ਼ਤਿਕਾ ਆਚਾਰੀਆ (17) ਦੀ ਜਿੰਮ ਵਿੱਚ ਅਭਿਆਸ ਦੌਰਾਨ ਦਰਦਨਾਕ ਮੌਤ ਹੋ ਗਈ। ਨਯਾ ਸ਼ਹਿਰ ਦੇ ਐਸਐਚਓ ਵਿਕਰਮ ਤਿਵਾੜੀ (Naya Shahar SHO Vikram Tiwari) ਨੇ ਕਿਹਾ ਕਿ ਇਹ ਹਾਦਸਾ ਮੰਗਲਵਾਰ ਨੂੰ ਵਾਪਰਿਆ। ਉਨ੍ਹਾਂ ਦੱਸਿਆ ਕਿ 270 ਕਿਲੋਗ੍ਰਾਮ ਦੀ ਰਾਡ ਡਿੱਗਣ ਨਾਲ ਸੋਨ ਤਗਮਾ ਜੇਤੂ ਖਿਡਾਰਨ ਦੀ ਗਰਦਨ ਟੁੱਟ ਗਈ।
ਉਨ੍ਹਾਂ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਤਿਵਾੜੀ ਨੇ ਕਿਹਾ ਕਿ ਹਾਦਸਾ ਉਸ ਸਮੇਂ ਹੋਇਆ ਜਦੋਂ ਟ੍ਰੇਨਰ ਯਸ਼ਤਿਕਾ ਜਿੰਮ ਵਿੱਚ ਭਾਰ ਚੁੱਕ ਰਹੀ ਸੀ।
ਇਸ ਹਾਦਸੇ ਵਿੱਚ ਯਸ਼ਤਿਕਾ ਦੇ ਟ੍ਰੇਨਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਐਸਐਚਓ ਨੇ ਕਿਹਾ ਕਿ ਪਰਿਵਾਰ ਨੇ ਇਸ ਸਬੰਧ ਵਿੱਚ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਬੁੱਧਵਾਰ ਨੂੰ ਪਰਿਵਾਰ ਨੂੰ ਸੌਂਪ ਦਿੱਤੀ ਗਈ। ਪੀਟੀਆਈ