ਭਾਰਤ ਦੇ ਤਜਰਬੇਕਾਰ ਪੈਰਾ ਪਾਵਰਲਿਫਟਰ ਜੋਬੀ ਮੈਥਿਊ ਨੇ ਮਿਸਰ ਦੇ ਕਾਹਿਰਾ ’ਚ ਹੋਈ ਪੈਰਾ ਪਾਵਰਲਿਫਟਿੰਗ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਮੈਥਿਊ ਨੇ ਸੋਮਵਾਰ ਨੂੰ ਲੀਜੈਂਡਸ (ਮਾਸਟਰਜ਼) ਵਰਗ ’ਚ ਇਹ ਤਗ਼ਮਾ ਆਪਣੇ ਨਾਮ ਕੀਤਾ।
ਉਸ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 147 ਕਿੱਲੋ ਭਾਰ ਚੁੱਕਿਆ ਪਰ ਇਸ ਨੂੰ ਮੰਨਿਆ ਨਹੀਂ ਗਿਆ। ਮੈਥਿਊ ਨੇ ਇਸ ਦੇ ਬਾਵਜੂਦ ਦੂਜੀ ਕੋਸ਼ਿਸ਼ ਵਿੱਚ 148 ਕਿੱਲੋ ਭਾਰ ਚੁੱਕਿਆ ਤੇ ਇਹੀ ਲੈਅ ਬਰਕਰਾਰ ਰੱਖਦਿਆਂ ਆਖਰੀ ਕੋਸ਼ਿਸ਼ ’ਚ 152 ਕਿੱਲੋ ਭਾਰ ਚੁੱਕ ਕੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ ਉਸ ਦਾ ਪਿਛਲਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ 150 ਕਿੱਲੋ ਭਾਰ ਚੁੱਕਣ ਦਾ ਸੀ, ਜੋ ਉਸ ਨੇ ਦੋ ਮਹੀਨੇ ਪਹਿਲਾਂ ਪੇਈਚਿੰਗ ’ਚ ਵਿਸ਼ਵ ਕੱਪ ’ਚ ਕੀਤਾ ਸੀ।
ਇਸ ਮੁਕਾਬਲੇ ’ਚ ਥਾਈਲੈਂਡ ਦੇ ਫੋਂਗਸਾਕੋਨ ਚੁਮਚਾਈ ਨੇ 162 ਕਿੱਲੋ ਭਾਰ ਚੁੱਕ ਕੇ ਸੋਨ ਤਗ਼ਮਾ ਜਦਕਿ ਪੇਰੂ ਦੇ ਨੀਲ ਗਰੇਸੀਆ ਨੇ 161 ਕਿੱਲੋਂ ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ।
ਮੈਥਿਊ ਦਾ ਇਹ ਦੂਜਾ ਵਿਸ਼ਵ ਚੈਂਪੀਅਨਸ਼ਿਪ ਤਗ਼ਮਾ ਹੈ। ਪਹਿਲਾਂ ਉਸ ਨੇ 2023 ’ਚ ਦੁਬਈ ਵਿੱਚ 59 ਕਿੱਲੋ ਭਾਰ ਵਰਗ ’ਚ ਮੁਕਾਬਲਾ ਕਰਦਿਆਂ ਕਾਂਸੀ ਦਾ ਤਗ਼ਮਾ ਜਿੱਤਿਆ ਸੀ।