ਟੈਸਟ ਦਰਜਾਬੰਦੀ ’ਚ ਪੰਤ ਛੇਵੇਂ ਸਥਾਨ ’ਤੇ
ਦੁਬਈ, 2 ਜੁਲਾਈ
ਭਾਰਤ ਦਾ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਅੱਜ ਕੌਮਾਂਤਰੀ ਕ੍ਰਿਕਟ ਕੌਂਸਲ ਦੀ ਟੈਸਟ ਬੱਲੇਬਾਜ਼ੀ ਰੈਂਕਿੰਗ ਵਿੱਚ ਇੱਕ ਸਥਾਨ ਉੱਪਰ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ ਪਿਛਲੇ ਹਫ਼ਤੇ ਇੰਗਲੈਂਡ ਖ਼ਿਲਾਫ਼ ਪਹਿਲੇ ਮੈਚ ਦੀਆਂ ਦੋਵੇਂ ਪਾਰੀਆਂ ’ਚ ਸੈਂਕੜੇ ਲਾਏ ਸਨ। ਉਸ ਦੇ 801 ਰੇਟਿੰਗ ਅੰਕ ਹਨ। ਇੰਗਲੈਂਡ ਦਾ ਜੋਅ ਰੂਟ ਸਿਖਰ ’ਤੇ ਹੈ। ਪੰਤ ਜੁਲਾਈ 2022 ਵਿੱਚ ਪੰਜਵੇਂ ਸਥਾਨ ’ਤੇ ਪਹੁੰਚਿਆ ਸੀ। ਓਪਨਰ ਯਸ਼ਸਵੀ ਜੈਸਵਾਲ ਚੌਥੇ ਸਥਾਨ ’ਤੇ ਬਰਕਰਾਰ ਹੈ। ਕਪਤਾਨ ਸ਼ੁਭਮਨ ਗਿੱਲ ਇੱਕ ਸਥਾਨ ਹੇਠਾਂ ਖਿਸਕ ਕੇ 21ਵੇਂ ਸਥਾਨ ’ਤੇ ਚਲਾ ਗਿਆ ਹੈ। ਭਾਰਤ ਖ਼ਿਲਾਫ਼ ਹੈਡਿੰਗਲੇ ਟੈਸਟ ਵਿੱਚ 28 ਅਤੇ ਨਾਬਾਦ 53 ਦੌੜਾਂ ਬਣਾਉਣ ਵਾਲੇ ਰੂਟ ਨੇ ਆਪਣੇ ਇੰਗਲੈਂਡ ਦੇ ਹਮਵਤਨ ਹੈਰੀ ਬਰੁੱਕ ’ਤੇ 15 ਅੰਕਾਂ ਦੀ ਲੀਡ ਲਈ ਹੋਈ ਹੈ। ਬਰੁੱਕ ਦੂਜੇ ਸਥਾਨ ’ਤੇ ਹੈ। ਭਾਰਤ ਖ਼ਿਲਾਫ਼ ਪਹਿਲੇ ਟੈਸਟ ਦੀ ਦੂਜੀ ਪਾਰੀ ਵਿੱਚ ਮੈਚ ਜੇਤੂ 149 ਦੌੜਾਂ ਬਣਾਉਣ ਵਾਲਾ ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਬੈਨ ਡੱਕੇਟ ਕਰੀਅਰ ਦੇ ਸਰਵੋਤਮ ਅੱਠਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਗੇਂਦਬਾਜ਼ੀ ਵਿੱਚ ਭਾਰਤ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 907 ਰੇਟਿੰਗ ਅੰਕਾਂ ਨਾਲ ਸਿਖਰ ’ਤੇ ਬਰਕਰਾਰ ਹੈ। ਉਸ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਟੈਸਟ ਦੀ ਪਹਿਲੀ ਪਾਰੀ ਵਿੱਚ ਪੰਜ ਵਿਕਟਾਂ ਲਈਆਂ ਸਨ। ਦੱਖਣੀ ਅਫਰੀਕਾ ਦਾ ਕਾਗਿਸੋ ਰਬਾਡਾ ਦੂਜੇ ਅਤੇ ਆਸਟਰੇਲੀਆ ਦਾ ਕਪਤਾਨ ਪੈਟ ਕਮਿਨਸ ਤੀਜੇ ਸਥਾਨ ’ਤੇ ਹੈ। ਜੋਸ਼ ਹੇਜ਼ਲਵੁੱਡ ਇੱਕ ਸਥਾਨ ਉੱਪਰ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਉਸ ਨੇ ਪਾਕਿਸਤਾਨ ਦੇ ਸਪਿੰਨਰ ਨੋਮਾਨ ਅਲੀ ਨੂੰ ਪਛਾੜਿਆ। ਭਾਰਤ ਦਾ ਰਵਿੰਦਰ ਜਡੇਜਾ ਵੀ ਟੈਸਟ ਹਰਫਨਮੌਲਾ ਖਿਡਾਰੀਆਂ ਦੀ ਸੂਚੀ ਵਿੱਚ ਸਿਖਰ ’ਤੇ ਬਰਕਰਾਰ ਹੈ। -ਪੀਟੀਆਈ