Pant goes past Dhoni ਭਾਰਤੀ ਵਿਕਟਕੀਪਰ ਵੱਲੋਂ ਸਭ ਤੋਂ ਵੱਧ ਟੈਸਟ ਸੈਂਕੜੇ: ਪੰਤ ਨੇ ਧੋਨੀ ਨੂੰ ਪਿੱਛੇ ਛੱਡਿਆ
ਲੀਡਜ਼, 21 ਜੂਨ
Test cricket: ਇੱਥੇ ਇੰਗਲੈਂਡ ਖ਼ਿਲਾਫ਼ ਖੇਡੇ ਜਾ ਰਹੇ ਟੈਸਟ ਮੈਚ ਵਿਚ ਰਿਸ਼ਭ ਪੰਤ ਨੇ ਸੈਂਕੜਾ ਜੜਿਆ ਹੈ ਜਿਸ ਨਾਲ ਟੈਸਟ ਕ੍ਰਿਕਟ ਵਿੱਚ ਇੱਕ ਭਾਰਤੀ ਵਿਕਟਕੀਪਰ ਵੱਲੋਂ ਸਭ ਤੋਂ ਵੱਧ ਸੈਂਕੜੇ ਬਣਾਉਣ ਦਾ ਰਿਕਾਰਡ ਬਣਾ ਦਿੱਤਾ ਹੈ। ਪੰਤ ਨੇ ਐਮ.ਐਸ. ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਪੰਤ ਨੇ ਇੱਥੇ ਇੰਗਲੈਂਡ ਵਿਰੁੱਧ ਲੜੀ ਦੇ ਪਹਿਲੇ ਦਿਨ ਆਪਣਾ ਸੱਤਵਾਂ ਸੈਂਕੜਾ ਬਣਾਇਆ। ਪੰਤ ਨੇ ਸਤੰਬਰ 2024 ਤੋਂ ਬਾਅਦ ਅੱਜ ਪਹਿਲਾ ਸੈਂਕੜਾ ਮਾਰਿਆ। ਇਸ ਤੋਂ ਪਹਿਲਾਂ ਉਸ ਨੇ ਬੰਗਲਾਦੇਸ਼ ਵਿਰੁੱਧ 109 ਦੌੜਾਂ ਬਣਾਈਆਂ ਸਨ।
ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 90 ਟੈਸਟਾਂ ਵਿੱਚ 38.09 ਦੀ ਔਸਤ ਨਾਲ ਛੇ ਸੈਂਕੜੇ ਅਤੇ 33 ਅਰਧ ਸੈਂਕੜਿਆਂ ਨਾਲ 4,876 ਦੌੜਾਂ ਬਣਾਈਆਂ ਸਨ ਅਤੇ ਟੈਸਟ ਵਿੱਚ ਇੱਕ ਭਾਰਤੀ ਵਿਕਟਕੀਪਰ-ਬੱਲੇਬਾਜ਼ ਵਜੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਰਿਕਾਰਡ ਉਸ ਦੇ ਨਾਮ ਬਰਕਰਾਰ ਹੈ।
ਇਸ ਪਾਰੀ ਦੌਰਾਨ 3,000 ਦੌੜਾਂ ਪੂਰੀਆਂ ਕਰਨ ਵਾਲੇ ਪੰਤ ਦੇ 44 ਟੈਸਟਾਂ ਵਿੱਚ 15 ਅਰਧ ਸੈਂਕੜੇ ਵੀ ਹਨ ਅਤੇ ਔਸਤ ਲਗਪਗ 44 ਹੈ। ਇਸ ਸੂਚੀ ਵਿੱਚ ਤੀਜੇ ਸਥਾਨ ’ਤੇ ਰਿਧੀਮਾਨ ਸਾਹਾ ਹੈ ਜਿਸ ਨੇ ਦੋ ਸੈਂਕੜੇ ਲਗਾਏ ਹਨ। ਉਸ ਤੋਂ ਬਾਅਦ ਸਈਦ ਕਿਰਮਾਨੀ ਅਤੇ ਫਾਰੂਖ ਇੰਜੀਨੀਅਰ ਦੋ-ਦੋ ਸੈਂਕੜੇ ਲਗਾ ਚੁੱਕੇ ਹਨ।
ਇਸ ਤੋਂ ਇਲਾਵਾ ਨਯਨ ਮੋਂਗੀਆ ਨੇ ਵੀ ਇੱਕ ਸੈਂਕੜਾ ਲਗਾਇਆ ਹੈ। ਪੀਟੀਆਈ