ਭਾਰਤੀ ਖਿਡਾਰੀਆਂ ਵੱਲੋਂ ਹੱਥ ਮਿਲਾਉਣ ਤੋਂ ਇਨਕਾਰ ਖਿਲਾਫ਼ ਪਾਕਿਸਤਾਨ ਵੱਲੋਂ ਸ਼ਿਕਾਇਤ ਦਰਜ
ਪਾਕਿਸਤਾਨ ਨੇ ਐਤਵਾਰ ਨੂੰ ਖੇਡੇ ਏਸ਼ੀਆ ਕੱਪ ਦੇ ਮੈਚ ਮਗਰੋਂ ਭਾਰਤੀ ਖਿਡਾਰੀਆਂ ਵੱਲੋਂ ਉਨ੍ਹਾਂ ਦੇ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਖਿਲਾਫ਼ ਏਸ਼ਿਆਈ ਕ੍ਰਿਕਟ ਕੌਂਸਲ (ACC) ਕੋਲ ਵਿਰੋਧ ਦਰਜ ਕੀਤਾ ਹੈ। ਪਾਕਿਸਤਾਨ ਨੇ ਇਸ ਨੂੰ ਖੇਡ ਭਾਵਨਾ ਦੇ ਉਲਟ ਤੇ ਦੋਵਾਂ ਮੁਲਕਾਂ ਦਰਮਿਆਨ ਤਣਾਅ ਵਧਾਉਣ ਵਾਲੀ ਕਾਰਵਾਈ ਦੱਸਿਆ।
ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਐਤਵਾਰ ਦੇਰ ਰਾਤ ਜਾਰੀ ਇੱਕ ਬਿਆਨ ਵਿੱਚ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਦੀ ਸੱਤ ਵਿਕਟਾਂ ਦੀ ਜਿੱਤ ਤੋਂ ਬਾਅਦ ਭਾਰਤੀ ਟੀਮ ਦੇ ਵਿਵਹਾਰ ਨੂੰ ‘ਖੇਡ ਭਾਵਨਾ ਦੇ ਉਲਟ’ ਕਰਾਰ ਦਿੱਤਾ। ਪੀਸੀਬੀ ਨੇ ਇਕ ਬਿਆਨ ਵਿੱਚ ਕਿਹਾ, ‘‘ਟੀਮ ਮੈਨੇਜਰ ਨਵੀਦ ਚੀਮਾ ਨੇ ਭਾਰਤੀ ਖਿਡਾਰੀਆਂ ਦੇ ਹੱਥ ਨਾ ਮਿਲਾਉਣ ਦੇ ਵਿਵਹਾਰ ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਇਆ। ਇਸ ਨੂੰ ਗੈਰਵਾਜਬ ਅਤੇ ਖੇਡ ਦੀ ਭਾਵਨਾ ਦੇ ਵਿਰੁੱਧ ਮੰਨਿਆ ਗਿਆ। ਇਹੀ ਵਜ੍ਹਾ ਹੈ ਕਿ ਵਿਰੋਧ ਵਜੋਂ ਅਸੀਂ ਆਪਣੇ ਕਪਤਾਨ ਨੂੰ ਮੈਚ ਤੋਂ ਬਾਅਦ ਦੇ ਇਨਾਮ ਵੰਡ ਸਮਾਰੋਹ ਵਿੱਚ ਨਹੀਂ ਭੇਜਿਆ। ਇਸਨੂੰ ਦੁਬਾਰਾ ਦੁਹਰਾਇਆ ਜਾ ਸਕਦਾ ਹੈ ਕਿਉਂਕਿ ਦੋਵੇਂ ਟੀਮਾਂ ਟੂਰਨਾਮੈਂਟ ਵਿੱਚ ਦੋ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ:
ਅਸੀਂ ਪਹਿਲਗਾਮ ਹਮਲੇ ਦੇ ਪੀੜਤਾਂ ਨਾਲ ਖੜ੍ਹੇ ਹਾਂ, ਪਾਕਿਸਤਾਨ ਖਿਲਾਫ਼ ਜਿੱਤ ਭਾਰਤੀ ਹਥਿਆਰਬੰਦ ਬਲਾਂ ਨੂੰ ਸਮਰਪਿਤ: ਸੂਰਿਆ
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਸੂਰਿਆਕੁਮਾਰ ਨੇ ਕਿਹਾ ਸੀ ਕਿ ਵਿਰੋਧੀ ਟੀਮ ਦੇ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦਾ ਫੈਸਲਾ ਅਪਰੈਲ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਦਿਖਾਉਣ ਦਾ ਉਨ੍ਹਾਂ ਦਾ ਤਰੀਕਾ ਸੀ। ਕਾਬਿਲੇਗੌਰ ਹੈ ਕਿ ਟਾਸ ਮੌਕੇ ਵੀ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਪਾਕਿਸਤਾਨੀ ਕਪਤਾਨ ਸਲਮਾਨ ਆਗਾ ਨਾਲ ਹੱਥ ਨਹੀਂ ਮਿਲਾਇਆ। ਇਸ ’ਤੇ ਪੀਸੀਬੀ ਨੇ ਕਿਹਾ, ‘‘ਮੈਚ ਰੈਫਰੀ ਐਂਡੀ ਪਾਈਕ੍ਰਾਫਟ ਨੇ ਕਪਤਾਨ ਸਲਮਾਨ ਅਲੀ ਆਗਾ ਨੂੰ ਟਾਸ ਦੌਰਾਨ ਆਪਣੇ ਭਾਰਤੀ ਹਮਰੁਤਬਾ ਨਾਲ ਹੱਥ ਨਾ ਮਿਲਾਉਣ ਲਈ ਕਿਹਾ ਸੀ। ਪਾਕਿਸਤਾਨ ਟੀਮ ਪ੍ਰਬੰਧਨ ਨੇ ਇਸ ਵਿਵਹਾਰ ਨੂੰ ਖੇਡ ਭਾਵਨਾ ਦੇ ਵਿਰੁੱਧ ਦੱਸਦੇ ਹੋਏ ਵਿਰੋਧ ਦਰਜ ਕਰਵਾਇਆ ਹੈ।’ -ਪੀਟੀਆਈ