ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਆਪਣੀ ਟੀਮ ਨੂੰ ਭਾਰਤ ਨਹੀਂ ਭੇਜਣਾ ਚਾਹੁੰਦਾ ਪਾਕਿਸਤਾਨ
ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐੱਚਐੱਫ) ਨੇ ਆਲਮੀ ਖੇਡ ਰੈਗੂਲੇਟਰੀ ਸੰਸਥਾ ਐੱਫਆਈਐੱਚ ਨੂੰ ਸੂਚਿਤ ਕੀਤਾ ਹੈ ਕਿ ਸੁਰੱਖਿਆ ਚਿੰਤਾਵਾਂ ਕਾਰਨ ਉਸ ਵਾਸਤੇ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਲਈ ਆਪਣੀ ਟੀਮ ਨੂੰ ਭਾਰਤ ਭੇਜਣਾ ਮੁਸ਼ਕਿਲ ਹੋਵੇਗਾ। ਪੀਐੱਚਐੱਫ ਦੇ ਮੁਖੀ ਤਾਰਿਕ ਬੁਗਤੀ ਨੇ ਕਿਹਾ ਕਿ ਉਨ੍ਹਾਂ ਨੇ ਐੱਫਆਈਐੱਚ ਅਤੇ ਏਸ਼ਿਆਈ ਹਾਕੀ ਫੈਡਰੇਸ਼ਨ (ਏਐੱਚਐੱਫ) ਨੂੰ ਪੱਤਰ ਲਿਖ ਕੇ ਟੀਮ ਨੂੰ ਭਾਰਤ ਭੇਜਣ ਬਾਰੇ ਆਪਣੇ ਫੈਸਲੇ ਤੋਂ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਨੂੰ ਸੂਚਿਤ ਕੀਤਾ ਹੈ ਕਿ ਮੌਜੂਦਾ ਹਾਲਾਤ ਵਿੱਚ ਸਾਡੀ ਟੀਮ ਨੂੰ ਭਾਰਤ ਵਿੱਚ ਖੇਡਦੇ ਸਮੇਂ ਸੁਰੱਖਿਆ ਸਬੰਧੀ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਸੀਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਸਾਡੇ ਖਿਡਾਰੀ ਏਸ਼ੀਆ ਕੱਪ ਲਈ ਭਾਰਤ ਜਾਣ ਦੇ ਇੱਛੁਕ ਨਹੀਂ ਹਨ।’’ ਏਸ਼ੀਆ ਕੱਪ ਵਿਸ਼ਵ ਕੱਪ ਲਈ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ। ਪੀਐੱਚਐੱਫ ਮੁਖੀ ਨੇ ਕਿਹਾ ਕਿ ਹੁਣ ਇਸ ਮੁਕਾਬਲੇ ਅਤੇ ਪਾਕਿਸਤਾਨ ਦੇ ਮੈਚਾਂ ਬਾਰੇ ਫੈਸਲਾ ਲੈਣ ਦੀ ਜ਼ਿੰਮਵਾਰੀ ਐੱਫਆਈਐੱਚ ਅਤੇ ਏਐੱਚਐੱਫ ’ਤੇ ਹੈ।