DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਨੇਸ਼ ਫੋਗਾਟ ਦੀ ਅਪੀਲ ’ਤੇ ਸਾਲਸੀ ਅਦਾਲਤ ਦਾ ਫ਼ੈਸਲਾ ਮੁੜ ਟਲਿਆ

ਹੁਣ 16 ਅਗਸਤ ਨੂੰ ਸੁਣਾਇਆ ਜਾਵੇਗਾ ਫ਼ੈਸਲਾ
  • fb
  • twitter
  • whatsapp
  • whatsapp
Advertisement

ਪੈਰਿਸ, 13 ਅਗਸਤ

ਖੇਡਾਂ ਬਾਰੇ ਸਾਲਸੀ ਅਦਾਲਤ (ਸੀਏਐੱਸ) ਦੀ ਐਡਹਾਕ ਡਿਵੀਜ਼ਨ ਨੇ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਦਾਇਰ ਅਪੀਲ ’ਤੇ ਆਪਣਾ ਫ਼ੈਸਲਾ ਇਕ ਵਾਰ ਫਿਰ ਮੁਲਤਵੀ ਕਰ ਦਿੱਤਾ ਹੈ। ਅਦਾਲਤ ਹੁਣ 16 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਰਾਤੀਂ 9:30 ਵਜੇ ਫ਼ੈਸਲਾ ਸੁਣਾਏਗੀ। ਵਿਨੇਸ਼ ਨੇ ਓਲੰਪਿਕ ਫਾਈਨਲਜ਼ ਤੋਂ ਪਹਿਲਾਂ ਅਯੋਗ ਠਹਿਰਾਏ ਜਾਣ ਦੇ ਫ਼ੈਸਲੇ ਨੂੰ ਸਾਲਸੀ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਵਿਨੇਸ਼ ਨੂੰ ਪਿਛਲੇ ਹਫ਼ਤੇ ਬੁੱਧਵਾਰ ਨੂੰ ਵਜ਼ਨ ਤੋਲਣ ਮੌਕੇ 100 ਗ੍ਰਾਮ ਭਾਰ ਵੱਧ ਹੋਣ ਕਰਕੇ ਮਹਿਲਾਵਾਂ ਦੇ 50 ਕਿਲੋਗ੍ਰਾਮ ਫ੍ਰੀਸਟਾਈਲ ਦੇ ਫਾਈਨਲ ਲਈ ਅਯੋਗ ਐਲਾਨ ਦਿੱਤਾ ਗਿਆ ਸੀ। ਭਾਰਤੀ ਓਲੰਪਿਕ ਐਸੋਸੀਏਸ਼ਨ ਨੇ ਇਕ ਬਿਆਨ ਵਿਚ ਕਿਹਾ, ‘‘ਸੀਏਐੱਸ ਐਡਹਾਕ ਡਿਵੀਜ਼ਨ ਦੇ ਪ੍ਰਧਾਨ ਨੇ ਵਿਨੇਸ਼ ਫੋਗਾਟ ਬਨਾਮ ਯੂਨਾਈਟਿਡ ਵਰਲਡ ਰੈਸਲਿੰਗ ਤੇ ਕੌਮਾਂਤਰੀ ਓਲੰਪਿਕ ਕਮੇਟੀ ਕੇਸ ਵਿਚ ਸਾਲਸ ਡਾ. ਅਨਾਬੇਲ ਬੈਨੇਟ ਨੂੰ ਸੁਣਵਾਈ 16 ਅਗਸਤ 2024 ਸ਼ਾਮੀਂ 6 ਵਜੇ (ਪੈਰਿਸ ਦਾ ਸਥਾਨਕ ਸਮਾਂ) ਤੱਕ ਮੁਲਤਵੀ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।’’ ਵਿਨੇਸ਼ ਨੇ ਆਪਣੀ ਅਪੀਲ ਵਿਚ ਮੰਗ ਕੀਤੀ ਸੀ ਕਿ ਉਸ ਨੂੰ ਕਿਊਬਾ ਦੀ ਪਹਿਲਵਾਨ ਵਾਈ. ਗੂਜ਼ਮੈਨ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗ਼ਮਾ ਦਿੱਤਾ ਜਾਵੇ। ਵਿਨੇਸ਼ ਨੂੰ ਅਯੋਗ ਐਲਾਨੇ ਜਾਣ ਮਗਰੋਂ ਗੂਜ਼ਮੈਨ ਨੇ ਉਸ ਦੀ ਥਾਂ ਫਾਈਨਲ ਮੁਕਾਬਲਾ ਖੇਡਿਆ ਸੀ। -ਪੀਟੀਆਈ

Advertisement

ਖਾਪਾਂ ਵੱਲੋਂ ਵਿਨੇਸ਼ ਨੂੰ ਸੋਨ ਤਗ਼ਮੇ ਵਾਲੀਆਂ ਸਹੂਲਤਾਂ ਦੇਣ ਦੀ ਮੰਗ

ਜੀਂਦ:

ਹਰਿਆਣਾ ਦੀ ਸਰਵਖਾਪ ਪੰਚਾਇਤ ਅਧੀਨ ਆਉਂਦੇ ਜੀਂਦ ਜ਼ਿਲ੍ਹੇ ਦੀਆਂ 24 ਖਾਪਾਂ ਨੇ ਮੰਗ ਕੀਤੀ ਹੈ ਕਿ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਟ ਨੂੰ ਸੋਨ ਤਗ਼ਮੇ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ। ਸਰਵਖਾਪ ਪੰਚਾਇਤ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਵਿਨੇਸ਼ ਨੂੰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ। ਖਾਪ ਨੇ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪ ਕੇ ਇਹ ਮੰਗਾਂ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਵਿਨੇਸ਼ ਫੋਗਾਟ ਦੇ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਕਰਵਾਈ ਜਾਵੇ। -ਪੀਟੀਆਈ

ਵਿਨੇਸ਼ ਫੋਗਾਟ ਤਗ਼ਮੇ ਦੀ ਹੱਕਦਾਰ: ਸ੍ਰੀਜੇਸ਼

ਨਵੀਂ ਦਿੱਲੀ:

ਭਾਰਤੀ ਹਾਕੀ ਦੇ ਮਹਾਨ ਖਿਡਾਰੀ ਪੀਆਰ ਸ੍ਰੀਜੇਸ਼ ਨੇ ਅੱਜ ਇੱਥੇ ਪਹਿਲਵਾਨ ਵਿਨੇਸ਼ ਫੋਗਾਟ ਦੇ ਜਜ਼ਬੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਅਸਲ ‘ਫਾਈਟਰ’ ਹੈ ਅਤੇ ਉਹ ਚਾਂਦੀ ਦੇ ਤਗ਼ਮੇ ਦੀ ਹੱਕਦਾਰ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਘਟਨਾ ਸਾਰਿਆਂ ਲਈ ਸਬਕ ਹੋਣੀ ਚਾਹੀਦੀ ਹੈ ਕਿਉਂਕਿ ਖੇਡ ਨੂੰ ਚਲਾਉਣ ਵਾਸਤੇ ਨਿਯਮ ਲਾਜ਼ਮੀ ਹਨ। ਓਲੰਪਿਕ ਦੇ ਫਾਈਨਲ ਤੋਂ ਪਹਿਲਾਂ ਭਾਰ ਤੈਅ ਸੀਮਾ ਤੋਂ 100 ਗ੍ਰਾਮ ਵੱਧ ਹੋਣ ਕਾਰਨ ਵਿਨੇਸ਼ (ਮਹਿਲਾ 50 ਕਿਲੋਗ੍ਰਾਮ) ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਸ੍ਰੀਜੇਸ਼ ਨੇ ਕਿਹਾ ਕਿ ਵਿਨੇਸ਼ ਨਾਲ ਜੋ ਹੋਇਆ ਉਸ ਦੇ ਬਾਵਜੂਦ ਉਹ ਸਪੇਨ ਖ਼ਿਲਾਫ਼ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਤੋਂ ਪਹਿਲਾਂ ਉਹ ਉਸ ਦਾ ਹੌਸਲਾ ਵਧਾਉਣ ਆਈ ਸੀ। -ਪੀਟੀਆਈ

Advertisement
×