ਨਿਖਤ, ਲਵਲੀਨਾ ਤੇ ਨੀਤੂ ਇਲੀਟ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਦੇ ਫਾਈਨਲ ’ਚ
ਹੈਦਰਾਬਾਦ, 30 ਜੂਨ
ਵਿਸ਼ਵ ਚੈਂਪੀਅਨ ਨਿਖਤ ਜ਼ਰੀਨ, ਲਵਲੀਨਾ ਬੋਰਗੋਹੇਨ, ਨੀਤੂ ਅਤੇ ਸਵੀਟੀ ਬੋਰਾ ਨੇ ਇਲੀਟ ਮਹਿਲਾ ਮੁੱਕੇਬਾਜ਼ੀ ਟੂਰਨਾਮੈਂਟ ਵਿੱਚ ਆਪੋ-ਆਪਣੇ ਮੈਚ ਜਿੱਤ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਨੇ 51 ਕਿਲੋ ਭਾਰ ਵਰਗ ਵਿੱਚ ਲਕਸ਼ਯਾ ਨੂੰ 5-2 ਨਾਲ ਹਰਾਇਆ। ਹੁਣ ਉਹ ਫਾਈਨਲ ਵਿੱਚ ਜਯੋਤੀ (ਆਰਐੱਸਪੀਬੀ) ਨਾਲ ਭਿੜੇਗੀ। ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਲਵਲੀਨਾ ਨੇ 75 ਕਿਲੋ ਭਾਰ ਵਰਗ ਵਿੱਚ ਸਨੇਹਾ ਨੂੰ ਹਰਾਇਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਸੋਨ ਤਗਮਾ ਜੇਤੂ ਨੀਤੂ ਨੇ ਰੇਲਵੇ ਦੀ ਮੰਜੂ ਰਾਣੀ ਨੂੰ ਹਰਾ ਕੇ 48 ਕਿਲੋਗ੍ਰਾਮ ਦੇ ਫਾਈਨਲ ਵਿੱਚ ਜਗ੍ਹਾ ਬਣਾਈ। ਹੁਣ ਉਸ ਦਾ ਸਾਹਮਣਾ ਚੰਚਲ ਨਾਲ ਹੋਵੇਗਾ। ਸਵੀਟੀ ਨੇ 80 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਆਲ ਇੰਡੀਆ ਪੁਲੀਸ (ਏਆਈਪੀ) ਦੀ ਬਬਿਤਾ ਬਿਸ਼ਟ ਨੂੰ 5-0 ਨਾਲ ਹਰਾਇਆ। ਇਸੇ ਤਰ੍ਹਾਂ ਸਾਬਕਾ ਯੁਵਾ ਵਿਸ਼ਵ ਚੈਂਪੀਅਨ ਅੰਕੁਸ਼ਿਤਾ ਬੋਰੋ (ਟੀਓਪੀਐੱਸ) ਨੇ 65 ਕਿਲੋਗ੍ਰਾਮ ਵਰਗ ਵਿੱਚ ਅਮਿਤਾ ਕੁੰਡੂ (ਏਆਈਪੀ) ਨੂੰ 5-2 ਨਾਲ ਹਰਾਇਆ। -ਪੀਟੀਆਈ