DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚੈਂਪੀਅਨ ਟੀਮ ਨੂੰ ਟਰਾਫ਼ੀ ਦੇਣ ਤੋਂ ਇਨਕਾਰ ਪਹਿਲਾਂ ਕਦੇ ਨਹੀਂ ਦੇਖਿਆ, ਮੇਰੀ ਅਸਲ ਟਰਾਫ਼ੀ ਮੇਰੀ ਟੀਮ: ਸੂਰਿਆਕੁਮਾਰ

ਭਾਰਤੀ ਕਪਤਾਨ ਵੱਲੋਂ ਹਥਿਆਰਬੰਦ ਬਲਾਂ ਤੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਲਈ ਮੈਚ ਫੀਸ ਦਾਨ ਕਰਨ ਦਾ ਐਲਾਨ

  • fb
  • twitter
  • whatsapp
  • whatsapp
Advertisement

ਏਸ਼ਿਆਈ ਕ੍ਰਿਕਟ ਕੌਂਸਲ(ACC) ਦੇ ਪ੍ਰਧਾਨ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਕੋਲੋਂ ਟਰਾਫੀ ਲੈਣ ਤੋਂ ਇਨਕਾਰ ਮਗਰੋਂ ਭਾਰਤੀ ਟੀਮ ਨੂੰ ਏਸ਼ੀਆ ਕੱਪ ਦੀ ਟਰਾਫ਼ੀ ਨਾ ਦਿੱਤੇ ਜਾਣ ਤੋਂ ਬਾਅਦ ਕਪਤਾਨ ਸੂਰਿਆਕੁਮਾਰ ਯਾਦਵ ਨੇ ਕਿਹਾ ਕਿ ਜੇਤੂ ਟੀਮ ਨੂੰ ਯਾਦ ਰੱਖਿਆ ਜਾਂਦਾ ਹੈ, ਟਰਾਫੀ ਨੂੰ ਨਹੀਂ।

ਐਤਵਾਰ ਨੂੰ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ। ਪਹਿਲਗਾਮ ਦਹਿਸ਼ਤੀ ਹਮਲੇ ਅਤੇ ਉਸ ਤੋਂ ਬਾਅਦ ਜਵਾਬੀ ਕਾਰਵਾਈ ਵਜੋਂ ਭਾਰਤ ਸਰਕਾਰ ਦੇ ‘ਆਪ੍ਰੇਸ਼ਨ ਸਿੰਧੂਰ’ ਦੇ ਪਿਛੋਕੜ ਵਿੱਚ ਪੂਰੇ ਟੂਰਨਾਮੈਂਟ ਦੌਰਾਨ ਦੋਵਾਂ ਟੀਮਾਂ ਵਿਚਕਾਰ ਤਣਾਅ ਬਣਿਆ ਰਿਹਾ।

Advertisement

ਸੂਰਿਆਕੁਮਾਰ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕਿਹਾ, ‘‘ਮੈਂ ਅਜਿਹਾ ਪਹਿਲਾਂ ਕਦੇ ਨਹੀਂ ਦੇਖਿਆ ਕਿ ਜੇਤੂ ਟੀਮ ਨੂੰ ਟਰਾਫ਼ੀ ਨਾ ਦਿੱਤੀ ਗਈ ਹੋਵੇ। ਪਰ ਮੇਰੇ ਲਈ ਮੇਰੇ ਖਿਡਾਰੀ ਤੇ ਸਹਿਯੋਗੀ ਸਟਾਫ਼ ਹੀ ਅਸਲ ਟਰਾਫੀ ਹਨ।’’

ਭਾਰਤੀ ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਭਾਰਤ ਨੇ ਟੂਰਨਾਮੈਂਟ ਵਿੱਚ ਪਾਕਿਸਤਾਨ ਵਿਰੁੱਧ ਤਿੰਨ ਮੈਚ ਖੇਡੇ ਅਤੇ ਤਿੰਨੋਂ ਜਿੱਤੇ।

ਸੂਰਿਆਕੁਮਾਰ ਨੇ ਮਗਰੋਂ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ, ‘‘ਮੈਚ ਖਤਮ ਹੋਣ ਤੋਂ ਬਾਅਦ, ਸਿਰਫ ਚੈਂਪੀਅਨ ਯਾਦ ਆਉਂਦੇ ਹਨ, ਟਰਾਫੀ ਦੀ ਤਸਵੀਰ ਨਹੀਂ।’’ ਟੀਮ ਵੱਲੋਂ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰਨ ਬਾਰੇ ਉਨ੍ਹਾਂ ਕਿਹਾ, ‘‘ਅਸੀਂ ਇਹ ਫੈਸਲਾ ਮੈਦਾਨ 'ਤੇ ਲਿਆ। ਕਿਸੇ ਨੇ ਸਾਨੂੰ ਅਜਿਹਾ ਕਰਨ ਲਈ ਨਹੀਂ ਕਿਹਾ।’’

ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਐਲਾਨ ਕੀਤਾ ਹੈ ਕਿ ਉਹ ਏਸ਼ੀਆ ਕੱਪ ਤੋਂ ਮਿਲਣ ਵਾਲੀ ਆਪਣੀ ਪੂਰੀ ਮੈਚ ਫੀਸ ਦੇਸ਼ ਦੀਆਂ ਹਥਿਆਰਬੰਦ ਫੌਜਾਂ ਅਤੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਦਾਨ ਕਰੇਗਾ।

ਸੂਰਿਆਕੁਮਾਰ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੈਂ ਇਸ ਟੂਰਨਾਮੈਂਟ ਤੋਂ ਆਪਣੀ ਮੈਚ ਫੀਸ ਸਾਡੀਆਂ ਹਥਿਆਰਬੰਦ ਫੌਜਾਂ ਅਤੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ। ਤੁਸੀਂ ਹਮੇਸ਼ਾ ਮੇਰੇ ਵਿਚਾਰਾਂ ਵਿੱਚ ਰਹੋਗੇ। ਜੈ ਹਿੰਦ।’’ ਭਾਰਤੀ ਖਿਡਾਰੀ ਟੀ-20 ਫਾਰਮੈਟ ਵਿੱਚ ਪ੍ਰਤੀ ਮੈਚ 4 ਲੱਖ ਰੁਪਏ ਦੇ ਹੱਕਦਾਰ ਹਨ, ਜਿਸ ਦਾ ਮਤਲਬ ਹੈ ਕਿ ਸੂਰਿਆਕੁਮਾਰ ਵੱਲੋਂ ਮਹਾਂਦੀਪੀ ਟੂਰਨਾਮੈਂਟ ਵਿੱਚ ਖੇਡੇ ਗਏ ਸੱਤ ਮੈਚਾਂ ਲਈ ਕੁੱਲ 28 ਲੱਖ ਰੁਪਏ ਦਾਨ ਕੀਤੇ ਜਾਣਗੇ।

Advertisement
×