ਨੀਰਜ ਚੋਪੜਾ ਅੱਜ ਗੋਲਡਨ ਸਪਾਈਕ ਅਥਲੈਟਿਕ ਮੁਕਾਬਲੇ ’ਚ ਲਵੇਗਾ ਹਿੱਸਾ
ਓਸਟ੍ਰਾਵਾ (ਚੈੱਕ ਗਣਰਾਜ), 23 ਜੂਨ
ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਮੰਗਲਵਾਰ ਨੂੰ ਗੋਲਡਨ ਸਪਾਈਕ ਅਥਲੈਟਿਕ ਮੁਕਾਬਲੇ ਵਿੱਚ ਪਹਿਲੀ ਵਾਰ ਹਿੱਸਾ ਲਵੇਗਾ। ਪਿਛਲੇ ਦੋ ਸੀਜ਼ਨਾਂ ਵਿੱਚ ਫਿਟਨੈੱਸ ਸਮੱਸਿਆਵਾਂ ਕਾਰਨ ਉਹ ਇਸ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ। ਉਸ ਦਾ ਕੋਚ ਜਾਨ ਜ਼ੇਲੇਜ਼ਨੀ ਆਪਣੀ ਕਰੀਅਰ ਵਿੱਚ ਨੌਂ ਵਾਰ ਇਹ ਖਿਤਾਬ ਜਿੱਤ ਚੁੱਕਾ ਹੈ। 27 ਸਾਲਾ ਚੋਪੜਾ ਲਈ ਹੁਣ ਤੱਕ ਮੌਜੂਦਾ ਸੀਜ਼ਨ ਸ਼ਾਨਦਾਰ ਰਿਹਾ ਹੈ। ਉਸ ਨੇ ਪੈਰਿਸ ਵਿੱਚ ਦੋ ਸਾਲ ਬਾਅਦ ਡਾਇਮੰਡ ਲੀਗ ਖਿਤਾਬ ਜਿੱਤਿਆ ਅਤੇ ਮਈ ਵਿੱਚ ਦੋਹਾ ਡਾਇਮੰਡ ਲੀਗ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਪਹਿਲੀ ਵਾਰ 90 ਮੀਟਰ ਦਾ ਅੰਕੜਾ ਵੀ ਪਾਰ ਕੀਤਾ। ਦੋ ਵਾਰ ਦਾ ਓਲੰਪਿਕ ਤਗ਼ਮਾ ਜੇਤੂ ਚੋਪੜਾ ਇਹ ਖਿਤਾਬ ਜਿੱਤਣ ਲਈ ਹੋਰ ਵੀ ਉਤਸ਼ਾਹਿਤ ਹੈ ਕਿਉਂਕਿ ਗੋਲਡਨ ਸਪਾਈਕ ਉਸ ਦੇ ਕੋਚ ਜ਼ੇਲੇਜ਼ਨੀ ਦੇ ਮਨਪਸੰਦ ਮੁਕਾਬਲਿਆਂ ’ਚੋਂ ਇੱਕ ਰਿਹਾ ਹੈ। 59 ਸਾਲਾ ਜ਼ੇਲੇਜ਼ਨੀ 1986 ਤੋਂ 2006 ਵਿਚਾਲੇ ਨੌਂ ਗੋਲਡਨ ਸਪਾਈਕਸ ਖਿਤਾਬ ਜਿੱਤ ਚੁੱਕਾ ਹੈ ਅਤੇ ਕੁਝ ਮੌਕਿਆਂ ’ਤੇ ਉਸ ਨੇ 90 ਮੀਟਰ ਤੋਂ ਉਪਰ ਵੀ ਜੈਵਲਿਨ ਸੁੱਟਿਆ। ਚੋਪੜਾ ਨੇ ਮੁਕਾਬਲੇ ਤੋਂ ਪਹਿਲਾਂ ਕਿਹਾ, ‘ਜਦੋਂ ਮੈਂ ਬੱਚਾ ਸੀ, ਮੈਂ ਇੱਥੇ ਉਸੈਨ ਬੋਲਟ ਵਰਗੇ ਅਥਲੀਟਾਂ ਨੂੰ ਖੇਡਦਿਆਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਦੇਖੀਆਂ।’ -ਪੀਟੀਆਈ