ਨਾਮਧਾਰੀ ਅਕੈਡਮੀ ਨੇ ਐੱਸ ਜੀ ਪੀ ਸੀ ਨੂੰ ਹਰਾਇਆ
ਮੁਹਾਲੀ ਵਿੱਚ ਕੇਸਧਾਰੀ ਹਾਕੀ ਗੋਲਡ ਕੱਪ ਦਾ ਆਗਾਜ਼; ਟੂਰਨਾਮੈਂਟ ਗੁਰੂ ਤੇਗ ਬਹਾਦਰ ਨੂੰ ਸਮਰਪਿਤ
ਇੱਥੋਂ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੇ-ਰੋਜ਼ਾ ਪੰਜਵਾਂ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ (ਅੰਡਰ-19) ਅੱਜ ਸ਼ੁਰੂ ਹੋ ਗਿਆ ਹੈ। ਟੂਰਨਾਮੈਂਟ ਦਾ ਆਗਾਜ਼ ਯਮੁਨਾਨਗਰ ਦੇ ਦਸਮੇਸ਼ ਗੱਤਕਾ ਦਲ ਨੇ ਗੱਤਕੇ ਦੇ ਜੌਹਰ ਦਿਖਾ ਕੇ ਕੀਤਾ। ਟੂਰਨਾਮੈਂਟ ਦਾ ਉਦਘਾਟਨ ਕਰਨਲ ਜਗਤਾਰ ਸਿੰਘ ਮੁਲਤਾਨੀ ਕੀਤਾ ਤੇ ਪ੍ਰਧਾਨਗੀ ਖੇਡ ਲੇਖਕ ਇਕਬਾਲ ਸਿੰਘ ਸਰੋਆ ਨੇ ਕੀਤੀ। ਲੈਕਚਰਾਰ ਰੂਪਪ੍ਰੀਤ ਕੌਰ ਨੇ 100 ਤੋਂ ਵੱਧ ਖਿਡਾਰੀਆਂ ਨੂੰ ਖੇਡ ਭਾਵਨਾ ਦੀ ਸਹੁੰ ਚੁਕਾਈ। ਉਦਘਾਟਨੀ ਮੈਚ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ (ਮਿਸਲ ਨਿਸ਼ਾਨਾਂਵਾਲੀ) ਨੇ ਐੱਸ ਜੀ ਪੀ ਸੀ ਅਕੈਡਮੀ (ਮਿਸਲ ਸ਼ੁਕਰਚੱਕੀਆ) ਨੂੰ 4-3 ਗੋਲਾਂ ਦੇ ਫ਼ਰਕ ਨਾਲ ਹਰਾਇਆ। ਦੂਜੇ ਮੈਚ ਵਿੱਚ ਸ਼ਾਹਬਾਦ ਹਾਕੀ ਅਕੈਡਮੀ (ਮਿਸਲ ਫੂਲਕੀਆ) ਨੇ ਐੱਮ ਬੀ ਐੱਸ ਹਾਕੀ ਅਕੈਡਮੀ ਜੰਮੂ (ਮਿਸਲ ਸਿੰਘ ਸ਼ਹੀਦਾਂ) ਨੂੰ 11-1 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਤੀਜੇ ਮੈਚ ਵਿੱਚ ਰਾਊਂਡ ਗਲਾਸ ਅਕੈਡਮੀ (ਮਿਸਲ ਡੱਲੇਵਾਲੀਆ) ਨੇ ਸੰਗਰੂਰ ਹਾਕੀ ਕਲੱਬ (ਰਾਮਗੜ੍ਹੀਆ ਮਿਸਲ) ਨੂੰ 7-1 ਨਾਲ ਹਰਾਇਆ।

