ਇੱਥੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਚੱਲ ਰਹੇ 5ਵੇਂ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ (ਅੰਡਰ-19) ਦਾ ਫਾਈਨਲ ਰਾਊਂਡ ਗਲਾਸ (ਮਿਸਲ ਡੱਲੇਵਾਲੀਆ) ਅਤੇ ਨਾਮਧਾਰੀ ਸਪੋਰਟਸ ਅਕੈਡਮੀ (ਮਿਸਲ ਨਿਸ਼ਾਨਾਵਾਲੀ) ਵਿਚਾਲੇ ਹੋਵੇਗਾ। ਸ਼ਨਿੱਚਰਵਾਰ ਸਵੇਰੇ 11 ਵਜੇ ਤੀਜੇ ਅਤੇ ਚੌਥੇ ਸਥਾਨ ਲਈ ਮੈਚ ਹੋਵੇਗਾ ਅਤੇ ਫਾਈਨਲ ਦੁਪਹਿਰ 1 ਵਜੇ ਖੇਡਿਆ ਜਾਵੇਗਾ। ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੇ ਪੰਜਵੇਂ ਦਿਨ ਦੇ ਮੈਚਾਂ ਦਾ ਉਦਘਾਟਨ ਮੁੱਖ ਮਹਿਮਾਨ ਹਾਕੀ ਓਲੰਪੀਅਨ ਅਤੇ ਦਰੋਣਾਚਾਰੀਆ ਤੇ ਅਰਜੁਨ ਐਵਾਰਡੀ ਰਜਿੰਦਰ ਸਿੰਘ ਸੀਨੀਅਰ ਅਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ। ਅੱਜ ਖੇਡੇ ਗਏ ਪਹਿਲੇ ਮੈਚ ਵਿੱਚ ਨਾਮਧਾਰੀ ਸਪੋਰਟਸ ਅਕੈਡਮੀ ਅਤੇ ਰਾਊਂਡ ਗਲਾਸ ਵਿਚਾਲੇ ਰੋਮਾਂਚਕ ਮੁਕਾਬਲਾ 2-2 ਗੋਲਾਂ ਨਾਲ ਬਰਾਬਰ ਰਿਹਾ। ਰਾਊਂਡ ਗਲਾਸ ਦੇ ਖਿਡਾਰੀ ਅਨੁਰਾਗ ਸਿੰਘ ਨੂੰ ‘ਮੈਨ ਆਫ ਦਿ ਮੈਚ’ ਦਾ ਖ਼ਿਤਾਬ ਦਿੱਤਾ ਗਿਆ।
ਦੂਜੇ ਮੈਚ ਵਿੱਚ ਸੰਗਰੂਰ ਹਾਕੀ ਕਲੱਬ ਅਤੇ ਸ਼ਾਹਬਾਦ ਹਾਕੀ ਅਕੈਡਮੀ ਦੀਆਂ ਟੀਮਾਂ ਵੀ 3-3 ਗੋਲਾਂ ਨਾਲ ਬਰਾਬਰੀ ’ਤੇ ਰਹੀਆਂ। ਇਸ ਮੈਚ ਵਿੱਚ ਸੰਗਰੂਰ ਦੇ ਖਿਡਾਰੀ ਤਰਨਜੀਤ ਸਿੰਘ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ। ਆਖ਼ਰੀ ਮੈਚ ਵਿੱਚ ਐੱਸ ਜੀ ਪੀ ਸੀ ਦੀ ਟੀਮ ਨੇ ਐੱਮ ਬੀ ਐੱਸ ਹਾਕੀ ਅਕੈਡਮੀ ਜੰਮੂ ਨੂੰ 7-1 ਗੋਲਾਂ ਦੇ ਫਰਕ ਨਾਲ ਹਰਾਇਆ। ਐੱਸ ਜੀ ਪੀ ਸੀ ਦੇ ਨੂਰਪਾਲ ਸਿੰਘ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ।

