ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ: ਹਰਮਨਪ੍ਰੀਤ
ਜਿੱਤ ਦੇ ਪਲਾਂ ਨੂੰ ਵਾਰ-ਵਾਰ ਜਿਊਣਾ ਚਾਹੁੰਦੀ ਹੈ ਕ੍ਰਿਕਟ ਟੀਮ ਦੀ ਕਪਤਾਨ
ਆਈ ਸੀ ਸੀ ਇੱਕ ਰੋਜ਼ਾ ਵਿਸ਼ਵ ਕੱਪ (ਮਹਿਲਾ) ਵਿੱਚ ਭਾਰਤੀ ਟੀਮ ਵੱਲੋਂ ਜਿੱਤ ਹਾਸਲ ਕਰਨ ਮਗਰੋਂ ਪੰਜਾਬ ਦੇ ਮੋਗਾ ਦੀ ਰਹਿਣ ਵਾਲੀ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਹਰਮਪ੍ਰੀਤ ਕੌਰ ਦੀ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੈ। ਇਸ ਗੱਲ ਦਾ ਦਾਅਵਾ ਕਪਤਾਨ ਨੇ ਖ਼ੁਦ ਕੀਤਾ ਹੈ। ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਹਰਮਨਪ੍ਰੀਤ ਦੇ ਕੈਚ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਭਾਰਤੀ ਟੀਮ ਨੂੰ ਜਿੱਤ ਦਿਵਾਈ ਸੀ। ਇੱਥੇ ਇਸ ਏਜੰਸੀ ਦੇ ਮੁੱਖ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਕੌਰ ਨੇ ਕਿਹਾ, “ਮੈਂ ਉਸ ਆਖ਼ਰੀ ਗੇਂਦ (ਜੋ ਉਸ ਨੇ ਕੈਚ ਕੀਤੀਸੀ) ਨੂੰ ਘੱਟੋ-ਘੱਟ ਹਜ਼ਾਰ ਵਾਰ ਦੇਖ ਚੁੱਕੀ ਹਾਂ। ਸਿਰਫ਼ ਮੈਂ ਹੀ ਨਹੀਂ, ਸਾਡੀ ਸਾਰੀ ਟੀਮ ਸਾਲਾਂ ਤੋਂ ਅਜਿਹੇ ਪਲ ਦੀ ਉਡੀਕ ਕਰ ਰਹੀ ਸੀ। ਜਿੱਤ ਦੇ ਉਸ ਪਲ ਨੂੰ ਮੈਂ ਵਾਰ-ਵਾਰ ਜਿਊਣਾ ਚਾਹੁੰਦੀ ਹਾਂ। ਮੈਨੂੰ ਸੱਚਮੁੱਚ ਨਹੀਂ ਪਤਾ ਕਿ ਜਦੋਂ ਮੈਂ ਉਹ ਆਖ਼ਰੀ ਕੈਚ ਲਿਆ ਤਾਂ ਕੀ ਸੋਚ ਰਹੀ ਸੀ। ਇਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਲ ਹੈ। ਇਹ ਪਲ ਮੇਰੇ ਲਈ ਬਹੁਤ ਅਹਿਮ ਹਨ ਕਿਉਂਕਿ ਮੈਂ ਹਮੇਸ਼ਾ ਵਿਸ਼ਵ ਕੱਪ ਜਿੱਤਣ ਦਾ ਸੁਫਨਾ ਦੇਖਿਆ ਸੀ।”

