DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੀਸੀਏ ਦੇ ਜਨਰਲ ਸਕੱਤਰ ਵਜੋਂ ਅਸਤੀਫ਼ਾ ਦਿੱਤਾ

ਪੀਸੀਏ ਵੱਲੋਂ ਹੁਣ 15 ਦਿਨਾਂ ਅੰਦਰ ਨਵੇਂ ਸਕੱਤਰ ਦੀ ਚੋਣ ਕੀਤੇ ਜਾਣ ਦੀ ਉਮੀਦ
  • fb
  • twitter
  • whatsapp
  • whatsapp
Advertisement

ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ ਵਿਧਾਇਕ ਨੇ ਅਸਤੀਫ਼ੇ ਲਈ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।

ਸਿੰਘ ਦੇ ਅਚਾਨਕ ਅਸਤੀਫੇ ਨੇ ਕ੍ਰਿਕਟ ਅਤੇ ਸਿਆਸੀ ਹਲਕਿਆਂ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਹਾਲਾਂਕਿ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪੀਸੀਏ ਵੱਲੋਂ ਹੁਣ 15 ਦਿਨਾਂ ਅੰਦਰ ਨਵੇਂ ਸਕੱਤਰ ਦੀ ਚੋਣ ਕੀਤੇ ਜਾਣ ਦੀ ਉਮੀਦ ਹੈ। ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਨੁਮਾਇੰਦੇ ਪੀਸੀਏ ਦੇ ਸਿਖਰਲੇ ਤਿੰਨ ਅਹੁਦਿਆਂ ਲਈ ਨਿਰਵਿਰੋਧ ਚੁਣੇ ਗਏ ਸਨ।

Advertisement

ਮੁਹਾਲੀ ਦੇ ਵਿਧਾਇਕ ਕੁਲਵੰਤ, ਜੋ ਸਿਆਸੀ ਹਲਕਿਆਂ ਵਿੱਚ ਜਾਣਿਆ-ਪਛਾਣਿਆ ਨਾਮ ਹੈ, 251 ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕ ਹਨ। ਉਨ੍ਹਾਂ ਦੇ 2022 ਦੇ ਚੋਣ ਹਲਫ਼ਨਾਮੇ ਅਨੁਸਾਰ, ਉਨ੍ਹਾਂ ਨੇ ‘ਆਪ’ ਦੀ ਟਿਕਟ ’ਤੇ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਪਹਿਲਾਂ ਅਕਾਲੀ-ਭਾਜਪਾ ਗੱਠਜੋੜ ਨਾਲ ਸਿਆਸੀ ਤੌਰ ’ਤੇ ਕੰਮ ਕੀਤਾ ਸੀ।

ਮੁਕਾਬਲੇ ਵਾਲੀ ਕ੍ਰਿਕਟ ਦਾ ਕੋਈ ਵੀ ਤਜਰਬਾ ਨਾ ਹੋਣ ਦੇ ਬਾਵਜੂਦ, ਉਹ ਪੀਸੀਏ ਦੇ ਪਹਿਲੇ ਸਕੱਤਰ ਸਨ ਜਿਨ੍ਹਾਂ ਦੀਆਂ ਜਾਇਦਾਦਾਂ ਅਤੇ ਕਾਰੋਬਾਰ ਨਵੇਂ ਬਣੇ ਮੁੱਲਾਂਪੁਰ ਸਟੇਡੀਅਮ ਦੇ ਆਲੇ-ਦੁਆਲੇ ਫੈਲੇ ਹੋਏ ਸਨ।

ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਵਜੋਂ ਅਸਤੀਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਭੇਜਿਆ ਹੈ।

ਕੁਲਵੰਤ ਸਿੰਘ ਪੀਸੀਏ ਦੀ ਇਸੇ ਮਹੀਨੇ 12 ਜੁਲਾਈ ਨੂੰ ਹੋਈ ਸਲਾਨਾ ਚੋਣ ਵਿੱਚ ਨਿਰਵਿਰੋਧ ਸਕੱਤਰ ਚੁਣੇ ਗਏ ਸਨ। ਉਹ ਆਪਣੀ ਚੋਣ ਤੋਂ ਬਹੁਤ ਉਤਸ਼ਾਹਿਤ ਸਨ ਤੇ ਚੋਣ ਤੋਂ ਬਾਅਦ ਸਮੁੱਚੀ ਟੀਮ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਵੀ ਮਿਲ ਕੇ ਆਏ ਸਨ। ਉਨ੍ਹਾਂ ਵੱਲੋਂ ਕ੍ਰਿਕਟ ਨੂੰ ਪਿੰਡ ਪੱਧਰ ਤੇ ਹੋਰ ਮਕਬੂਲ ਬਣਾਉਣ ਅਤੇ ਨਵੀਂ ਪ੍ਰਤਿਭਾ ਨੂੰ ਅੱਗੇ ਲਿਆਉਣ ਲਈ ਪਿੰਡ ਪੱਧਰ ਤੇ ਗਲੀ ਟੂਰਨਾਮੈਂਟ ਕਰਾਉਣ ਦਾ ਵੀ ਐਲਾਨ ਕੀਤਾ ਗਿਆ ਸੀ। ਉਨ੍ਹਾਂ ਦੇ ਅਚਾਨਕ ਅਸਤੀਫ਼ੇ ਨੇ ਵੱਖ-ਵੱਖ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ।

Advertisement
×