ਮੈਚ ’ਚ ਰੈਕੇਟ ਤੋੜਨ ਵਾਲੇ ਮੈਦਵੇਦੇਵ ’ਤੇ 42,500 ਡਾਲਰ ਜੁਰਮਾਨਾ
ਰੂਸ ਦਾ ਮਹਾਨ ਟੈਨਿਸ ਖਿਡਾਰੀ ਦਾਨਿਲ ਮੈਦਵੇਦੇਵ ਯੂਐੱਸ ਓਪਨ ਦੇ ਪਹਿਲੇ ਹੀ ਦੌਰ ਵਿਚ ਵਿਵਾਦਾਂ ਵਿਚ ਘਿਰ ਗਿਆ ਹੈ। ਉਸ ’ਤੇ ਮੈਚ ਦੌਰਾਨ ਖੇਡ ਭਾਵਨਾ ਦੇ ਉਲਟ ਵਿਹਾਰ ਕਰਨ ਤੇ ਆਪਣਾ ਰੈਕੇਟ ਤੋੜਨ ’ਤੇ 42,500 ਅਮਰੀਕੀ ਡਾਲਰ ਜੁਰਮਾਨਾ ਲਗਾਇਆ ਗਿਆ ਹੈ ਜੋ ਉਸ ਦੀ ਮੈਚ ਫੀਸ 110,000 ਅਮਰੀਕੀ ਡਾਲਰ ਦਾ ਇਕ ਤਿਹਾਈ ਹਿੱਸਾ ਹੈ। ਦੱਸਣਾ ਬਣਦਾ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰੂਸੀ ਖਿਡਾਰੀ ਵਿਵਾਦਾਂ ਵਿਚ ਘਿਰਿਆ ਹੈ।
ਜਾਣਕਾਰੀ ਅਨੁਸਾਰ ਮੈਦਵੇਦੇਵ ਦਾ ਫਰਾਂਸੀ ਖਿਡਾਰੀ ਬੈਂਜਾਮਿਨ ਨਾਲ ਮੁਕਾਬਲਾ ਚਲ ਰਿਹਾ ਸੀ ਤੇ ਮੈਚ ਦੇ ਤੀਜੇ ਸੈਟ ਵਿਚ ਇਕ ਫੋਟੋਗ੍ਰਾਫਰ ਮੈਦਵੇਦੇਵ ਦੇ ਸਾਹਮਣੇ ਆ ਗਿਆ। ਮੈਦਵੇਦੇਵ ਨੇ ਇਸ ਦੀ ਸ਼ਿਕਾਇਤ ਅੰਪਾਇਰ ਨੂੰ ਕੀਤੀ ਅੰਪਾਇਰ ਨੇ ਫੋਟੋਗ੍ਰਾਫਰ ਨੂੰ ਹਟਾ ਕੇ ਬੈਂਜਾਮਿਨ ਨੂੰ ਮੁੜ ਪਹਿਲੀ ਸਰਵਿਸ ਕਰਨ ਦੀ ਇਜਾਜ਼ਤ ਦੇ ਦਿੱਤੀ ਜਿਸ ਤੋਂ ਮੈਦਵੇਦੇਵ ਨੇ ਨਾਰਾਜ਼ਗੀ ਜ਼ਾਹਰ ਕੀਤੀ ਤੇ ਕੋਰਟ ਵਿਚ ਹੀ ਆਪਣਾ ਗੁੱਸਾ ਦਿਖਾਇਆ। ਦੂਜੇ ਪਾਸੇ ਅੰਪਾਇਰ ਨੇ ਫੋਟੋਗ੍ਰਾਫਰ ਨੂੰ ਬਾਹਰ ਭੇਜ ਦਿੱਤਾ ਤੇ ਉਸ ਦੀ ਮਾਨਤਾ ਰੱਦ ਕਰ ਦਿੱਤੀ ਪਰ ਮੈਦਵੇਦੇਵ ਦਾ ਗੁੱਸਾ ਸ਼ਾਂਤ ਨਾ ਹੋਇਆ। ਉਸ ਨੇ ਮੈਚ ਖਤਮ ਹੋਣ ਤੋਂ ਬਾਅਦ ਆਪਣਾ ਰੈਕੇਟ ਤੋੜ ਦਿੱਤਾ।