ਸੰਨਿਆਸ ਲੈਣ ਤੋਂ ਪਹਿਲਾਂ ਭਾਰਤ ’ਚ ਲੜੀ ਜਿੱਤਣਾ ਚਾਹੁੰਦੈ ਲਿਓਨ
ਸੇਂਟ ਜੌਰਜ (ਗ੍ਰੇਨਾਡਾ), 1 ਜੁਲਾਈ
ਆਸਟਰੇਲੀਆ ਦੇ ਸਪਿੰਨਰ ਨਾਥਨ ਲਿਓਨ ਦਾ ਨੇੜ ਭਵਿੱਖ ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ ਅਤੇ ਉਹ ਸੰਨਿਆਸ ਲੈਣ ਤੋਂ ਪਹਿਲਾਂ ਭਾਰਤ ਵਿੱਚ ਟੈਸਟ ਲੜੀ ਜਿੱਤਣਾ ਚਾਹੁੰਦਾ ਹੈ। 37 ਸਾਲਾ ਆਫ ਸਪਿੰਨਰ ਲਿਓਨ ਨੇ ਆਸਟਰੇਲੀਆ ਲਈ 138 ਟੈਸਟ ਮੈਚਾਂ ਵਿੱਚ 556 ਵਿਕਟਾਂ ਲਈਆਂ ਹਨ। ਉਸ ਨੇ ਭਾਰਤ ਖ਼ਿਲਾਫ਼ 32 ਟੈਸਟ ਮੈਚਾਂ ’ਚ 130 ਵਿਕਟਾਂ ਲਈਆਂ ਹਨ ਪਰ ਉਹ ਕਦੇ ਵੀ ਭਾਰਤ ਵਿੱਚ ਲੜੀ ਨਹੀਂ ਜਿੱਤ ਸਕਿਆ। ਆਸਟਰੇਲੀਆ ਨੇ 2004-05 ਤੋਂ ਬਾਅਦ ਭਾਰਤ ਨੂੰ ਉਸ ਦੀ ਧਰਤੀ ’ਤੇ ਨਹੀਂ ਹਰਾਇਆ ਹੈ। ਲਿਓਨ ਨੇ ‘ਕ੍ਰਿਕਟ ਡਾਟ ਕਾਮ ਡਾਟ ਏਯੂ’ ਨੂੰ ਕਿਹਾ, ‘ਮੈਂ ਭਾਰਤ ਵਿੱਚ ਲੜੀ ਜਿੱਤਣਾ ਚਾਹੁੰਦਾ ਹਾਂ। ਮੈਂ ਇੰਗਲੈਂਡ ਵਿੱਚ ਵੀ ਲੜੀ ਜਿੱਤਣਾ ਚਾਹੁੰਦਾ ਹਾਂ। ਸਾਡੇ ਕੋਲ ਇਹ ਮੌਕਾ ਹੋਵੇਗਾ ਪਰ ਸਾਨੂੰ ਟੈਸਟ ਦਰ ਟੈਸਟ ਰਣਨੀਤੀ ਬਣਾਉਣੀ ਪਵੇਗੀ। ਸਾਨੂੰ ਪਹਿਲਾਂ ਇੱਥੇ ਵੈਸਟਇੰਡੀਜ਼ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਇਸ ਤੋਂ ਬਾਅਦ ਅਸੀਂ ਐਸ਼ੇਜ਼ ਖੇਡਣੀ ਹੈ। ਮੇਰੀ ਨਜ਼ਰ ਇੱਕ ਹੋਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ’ਤੇ ਵੀ ਹੈ।’ ਲਿਓਨ ਨੇ ਆਸਟਰੇਲਿਆਈ ਟੀਮ ਵਿੱਚ ‘ਸੌਂਗ ਮਾਸਟਰ’ ਦੀ ਆਪਣੀ ਜ਼ਿੰਮੇਵਾਰੀ ਵਿਕਟਕੀਪਰ ਐਲੇਕਸ ਕੈਰੀ ਨੂੰ ਸੌਂਪ ਦਿੱਤੀ ਹੈ। ਆਸਟਰੇਲੀਆ ਦੀ ਹਰ ਜਿੱਤ ਤੋਂ ਬਾਅਦ ‘ਅੰਡਰਨੀਥ ਦਿ ਸਦਰਨ ਕਰਾਸ’ ਗੀਤ ਗਾਇਆ ਜਾਂਦਾ ਹੈ, ਜੋ ਸੌਂਗ ਮਾਸਟਰ ਸ਼ੁਰੂ ਕਰਦਾ ਹੈ। ਰੌਡ ਮਾਰਸ਼ ਨੇ ਇਹ ਪਰੰਪਰਾ ਸ਼ੁਰੂ ਕੀਤੀ ਸੀ।’ -ਪੀਟੀਆਈ