Leeds Test: ਪਹਿਲੇ ਦਿਨ ਯਸ਼ੱਸਵੀ ਜੈਸਵਾਲ ਤੇ ਕਪਤਾਨ ਸ਼ੁਭਮਨ ਗਿੱਲ ਨੇ ਜੜੇ ਸੈਂਕੜੇ
ਲੀਡਜ਼, 20 ਜੂਨ
ਯਸ਼ੱਸਵੀ ਜੈਸਵਾਲ(101) ਤੇ ਕਪਤਾਨ ਸ਼ੁਭਮਨ ਗਿੱਲ (ਨਾਬਾਦ127) ਦੇ ਸੈਂਕੜਿਆਂ ਤੇ ਉਪ ਕਪਤਾਨ ਰਿਸ਼ਭ ਪੰਤ (65) ਦੇ ਨਾਬਾਦ ਨੀਮ ਸੈਂਕੜੇ ਦੀ ਬਦੌਲਤ ਭਾਰਤ ਨੇ ਅੱਜ ਇਥੇ ਮੇਜ਼ਬਾਨ ਇੰਗਲੈਂਡ ਖਿਲਾਫ਼ ਪੰਜ ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਉਦਘਾਟਨੀ ਮੈਚ ਦੇ ਪਹਿਲੇ ਦਿਨ 85 ਓਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 359 ਦੌੜਾਂ ਬਣਾ ਲਈਆਂ ਹਨ। ਗਿੱਲ ਤੇ ਪੰਤ ਨੇ ਚੌਥੇ ਵਿਕਟ ਲਈ 138 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਇੰਗਲੈਂਡ ਲਈ ਬੈਨ ਸਟੋਕਸ ਨੇ ਦੋ ਤੇ ਬ੍ਰਾਈਡਨ ਕਾਰਸ ਨੇ ਇਕ ਵਿਕਟ ਲਈ।
ਜੈਸਵਾਲ ਨੇ 144 ਗੇਂਦਾਂ ਵਿਚ ਆਪਣਾ ਪੰਜਵਾਂ ਟੈਸਟ ਸੈਂਕੜਾ ਪੂਰਾ ਕੀਤਾ। ਜੈਸਵਾਲ ਨੇ ਸੈਂਕੜੇ ਵਾਲੀ ਪਾਰੀ ਦੌਰਾਨ ਹੁਣ ਤੱਕ 64 ਚੌਕੇ ਤੇ ਇਕ ਛੱਕਾ ਜੜਿਆ ਹਨ। ਜੈਸਵਾਲ ਨੇ ਇੰਗਲੈਂਡ ਖਿਲਾਫ਼ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਿਆ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਪਿਛਲੇ ਸਾਲ ਇੰਗਲੈਂਡ ਖਿਲਾਫ਼ ਘਰੇਲੂ ਟੈਸਟ ਲੜੀ ਦੌਰਾਨ 712 ਦੌੜਾਂ ਬਣਾਈਆਂ ਸਨ। ਕਪਤਾਨ ਸ਼ੁਭਮਨ ਗਿੱਲ ਨੇ ਨਾਬਾਦ 127 ਦੌੜਾਂ ਦੀ ਪਾਰੀ ਵਿਚ 16 ਚੌਕੇ ਤੇ ਇਕ ਛੱਕਾ ਲਾਇਆ। ਪੰਤ ਨੇ ਨਾਬਾਦ 65 ਦੌੜਾਂ ਦੀ ਪਾਰੀ ਦੌਰਾਨ 6 ਚੌਕੇ ਤੇ 2 ਛੱਕੇ ਲਾਏ। ਹੋਰਨਾਂ ਬੱਲੇਬਾਜ਼ਾਂ ਵਿਚ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਨੇ 42 ਦੌੜਾਂ ਬਣਾਈਆਂ। ਜੋਅ ਰੂਟ ਨੇ ਸਲਿਪ ਵਿਚ ਰਾਹੁਲ ਦਾ ਕੈਚ ਫੜਿਆ। ਰੂਟ ਦਾ ਇਹ 209ਵਾਂ ਕੈਚ ਸੀ ਤੇ ਇੰਗਲੈਂਡ ਦਾ ਇਹ ਹਰਫ਼ਨਮੌਲਾ ਖਿਡਾਰੀ ਟੈਸਟ ਕ੍ਰਿਕਟ ਵਿਚ ਸਾਬਕਾ ਭਾਰਤੀ ਕਪਤਾਨ ਰਾਹੁਲ ਦਰਾਵਿੜ ਦੇ 210 ਕੈਚਾਂ ਦੇ ਰਿਕਾਰਡ ਦੀ ਬਰਾਬਰੀ ਲਈ ਇਕ ਕੈਚ ਦੂਰ ਹੈ। ਆਪਣਾ ਪਲੇਠਾ ਟੈਸਟ ਖੇਡ ਰਿਹਾ ਬੀ.ਸਾਈ ਸੁਧਰਸ਼ਨ ਚਾਰ ਗੇਂਦਾਂ ਖੇਡਣ ਮਗਰੋਂ ਬਿਨਾਂ ਖਾਤਾ ਖੋਲ੍ਹਿਆਂ ਹੀ ਪੈਵਿਲੀਅਨ ਪਰਤ ਗਿਆ। -ਪੀਟੀਆਈ