ਲਾਅਨ ਟੈਨਿਸ ਦੀ ਮਲਿਕਾ ਸਟੈਫੀ ਗ੍ਰਾਫ
ਪ੍ਰਿੰਸੀਪਲ ਸਰਵਣ ਸਿੰਘ
ਜਰਮਨੀ ਦੀ ਜੰਮਪਲ ਸਟੈਫੀ ਗ੍ਰਾਫ ਟੈਨਿਸ ਦੀ ਮਲਿਕਾ ਮੰਨੀ ਜਾਂਦੀ ਰਹੀ ਹੈ। ਟੈਨਿਸ ਦੇ ਅੰਬਰ ਵਿੱਚ ਉਹਦਾ ਨਾਂ ਧਰੂ ਤਾਰੇ ਵਾਂਗ ਲਿਸ਼ਕਦਾ ਰਹੇਗਾ। ਉਸ ਨੇ ਟੈਨਿਸ ਦੇ ਸਾਰੇ ਗਰੈਂਡ ਸਲਾਮ ਟੂਰਨਾਮੈਂਟ ਜਿੱਤੇ ਤੇ ਦੋ ਓਲੰਪਿਕ ਖੇਡਾਂ ’ਚੋਂ ਸੋਨੇ, ਚਾਂਦੀ ਤੇ ਕਾਂਸੀ ਦੇ ਤਿੰਨ ਮੈਡਲ ਹਾਸਲ ਕੀਤੇ। ਉਸ ਦੀ ਇਨਾਮੀ ਰਾਸ਼ੀ 2 ਕਰੋੜ ਡਾਲਰਾਂ ਤੋਂ ਟੱਪ ਗਈ ਸੀ ਅਤੇ ਮਾਨ ਸਨਮਾਨਾਂ ਦਾ ਕੋਈ ਅੰਤ ਨਹੀਂ ਰਿਹਾ। ਉਸ ਨੂੰ ਗੁੜਤੀ ਹੀ ਟੈਨਿਸ ਦੀ ਮਿਲੀ ਸੀ। ਉਸ ਦਾ ਪਿਤਾ ਪੀਟਰ ਗ੍ਰਾਫ ਖ਼ੁਦ ਟੈਨਿਸ ਦਾ ਤਕੜਾ ਖਿਡਾਰੀ ਸੀ ਤੇ ਉਹੀ ਆਪਣੀ ਧੀ ਦਾ ਪਹਿਲਾ ਕੋਚ ਬਣਿਆ।
ਸਟੈਫੀ ਨੇ ਤਿੰਨ ਸਾਲ ਦੀ ਉਮਰੇ ਰੈਕੇਟ ਫੜਨਾ ਸਿੱਖ ਲਿਆ ਸੀ ਤੇ ਚੌਥੇ ਸਾਲ ਟੈਨਿਸ ਖੇਡਣ ਲੱਗ ਪਈ ਸੀ। ਫਿਰ ਉਸ ਨੇ ਏਨੀ ਮਿਹਨਤ ਕੀਤੀ, ਐਨਾ ਮੁੜਕਾ ਵਹਾਇਆ, ਏਨਾ ਸਿਦਕ ਤੇ ਸਿਰੜ ਪਾਲਿਆ ਕਿ 13 ਸਾਲ ਦੀ ਅੱਲ੍ਹੜ ਉਮਰ ਤੋਂ ਹੀ ਟੈਨਿਸ ਦੇ ਟੂਰਨਾਮੈਂਟ ਜਿੱਤਦੀ ਵੀਹਵੀਂ ਸਦੀ ਦੀ ਸਭ ਤੋਂ ਤਕੜੀ ਟੈਨਿਸ ਖਿਡਾਰਨ ਐਲਾਨੀ ਗਈ। ਉਸ ਨੂੰ ਵਿਸ਼ਵ ਪੱਧਰ ਦਾ ਹਰ ਮਾਨ ਸਨਮਾਨ ਮਿਲਿਆ। ਉਸ ਦਾ ਖੇਡ ਕਰੀਅਰ ਨਵੇਂ ਖਿਡਾਰੀਆਂ ਲਈ ਰਾਹ ਦਸੇਰਾ ਤੇ ਖੇਡਾਂ ਦੀ ਦੁਨੀਆ ਲਈ ਚਾਨਣ ਮੁਨਾਰਾ ਹੈ।
ਖੇਡ ਪ੍ਰਤਿਭਾ ਨਾਲ ਰੱਬ ਨੇ ਉਸ ਨੂੰ ਰੰਗ ਰੂਪ ਵੀ ਰੱਜ ਕੇ ਦਿੱਤਾ। ਉਸ ਦਾ ਕੱਦ 5 ਫੁੱਟ 9 ਇੰਚ ਹੈ। ਨੱਕ ਤਿੱਖਾ, ਧੌਣ ਲੰਮੀ, ਅੱਖਾਂ ਬਿੱਲੀਆਂ, ਵਾਲ ਭੂਰੇ ਤੇ ਜੁੱਸਾ ਸਡੌਲ ਹੈ। ਸਰਗਰਮ ਖੇਡ ਤੋਂ ਰਿਟਾਇਰ ਹੋਣ ਪਿੱਛੋਂ ਉਹ ਆਪਣੀ ਮਾਂ, ਭਰਾ, ਪਤੀ, ਪੁੱਤਰ ਤੇ ਧੀ ਨਾਲ ਅਮਰੀਕਾ ਦੇ ਸ਼ਹਿਰ ਲਾਸ ਵੇਗਾਸ ਵਿੱਚ ਪੂਰੇ ਪਰਿਵਾਰ ਨਾਲ ਸੁਖੀ ਵਸਦੀ ਹੈ। ਉਸ ਦਾ ਪਤੀ ਆਂਦਰੇ ਅਗਾਸੀ ਵੀ ਟੈਨਿਸ ਦਾ ਸਟਾਰ ਖਿਡਾਰੀ ਰਿਹਾ ਹੈ ਜਿਸ ਬਾਰੇ ਕਦੇ ਵੱਖਰਾ ਲੇਖ ਲਿਖਿਆ ਜਾਵੇਗਾ।
ਸਟੈਫੀ ਦਾ ਪੂਰਾ ਨਾਂ ਸਟੈਫਾਨੀ ਮਾਰੀਆ ਗ੍ਰਾਫ ਹੈ। ਉਸ ਦਾ ਜਨਮ 14 ਜੂਨ 1969 ਨੂੰ ਪੱਛਮੀ ਜਰਮਨੀ ਦੇ ਸ਼ਹਿਰ ਮਨਹਾਈਮ ਨੇੜੇ ਬਰੂਹਲ ਵਿੱਚ ਟੈਨਿਸ ਖਿਡਾਰੀ ਪੀਟਰ ਗ੍ਰਾਫ ਦੇ ਘਰ ਹੋਇਆ ਸੀ। ਉਹਦਾ ਪਿਤਾ ਖ਼ੁਦ ਖਿਡਾਰੀ ਰਿਹਾ ਸੀ ਤੇ ਫਿਰ ਸਟੈਫੀ ਦੇ ਚੰਗੇ ਭਾਗਾਂ ਨੂੰ ਟੈਨਿਸ ਦਾ ਕੋਚ ਬਣ ਗਿਆ ਸੀ। ਉਸ ਨੇ ਆਪਣੀ ਧੀ ਨੂੰ ਟੈਨਿਸ ਦੀ ਖਿਡਾਰਨ ਬਣਾਉਣ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ। ਸਟੈਫੀ ਨੂੰ ਗੇਂਦ ਤੇ ਛੋਟਾ ਰੈਕੇਟ ਪਹਿਲੇ ਖਿਡਾਉਣੇ ਦੇ ਰੂਪ ਵਿੱਚ ਮਿਲੇ ਸਨ ਜਿਵੇਂ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਉਸ ਦੇ ਪਿਤਾ ਵੱਲੋਂ ਛੋਟੀ ਹਾਕੀ ਜਨਮ ਦਿਨ ਦੇ ਖਿਡਾਉਣੇ ਵਜੋਂ ਮਿਲੀ ਸੀ। ਉਸ ਖਿਡਾਉਣੇ ਨੇ ਬਲਬੀਰ ਸਿੰਘ ਨੂੰ ਵਿਸ਼ਵ ਦਾ ਅੱਵਲ ਨੰਬਰ ਹਾਕੀ ਖਿਡਾਰੀ ਬਣਨ ਲਈ ਪ੍ਰੇਰਤ ਕਰ ਦਿੱਤਾ ਸੀ। ਕਮਾਲ ਦੀ ਗੱਲ ਇਹ ਕਿ ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿੱਚ ਬਲਬੀਰ ਸਿੰਘ ਦੇ ਕੀਤੇ 5 ਗੋਲਾਂ ਦਾ ਓਲੰਪਿਕ ਰਿਕਾਰਡ ਅਜੇ ਤੱਕ ਕਾਇਮ ਹੈ।
ਸਟੈਫੀ ਸਿਰਫ਼ ਚਾਰ ਸਾਲ ਦੀ ਹੋਈ ਸੀ ਕਿ ਪਿਤਾ ਨਾਲ ਟੈਨਿਸ ਖੇਡਣ ਲੱਗ ਪਈ ਸੀ। 13 ਸਾਲ ਦੀ ਹੋਈ ਤਾਂ ਪੇਸ਼ੇਵਰ ਖਿਡਾਰਨ ਵਜੋਂ ਟੈਨਿਸ ਦੇ ਟੂਰਨਾਮੈਂਟਾਂ ਵਿੱਚ ਭਾਗ ਲੈਣ ਲੱਗ ਪਈ। ਉਸ ਨੇ ਪਹਿਲਾ ਪੇਸ਼ੇਵਰਾਨਾ ਮੈਚ 1982 ਵਿੱਚ ਖੇਡਿਆ। ਉਦੋਂ ਤੋਂ ਉਹਦੀਆਂ ਜਿੱਤਾਂ ਦਾ ਐਸਾ ਦੌਰ ਸ਼ੁਰੂ ਹੋਇਆ ਕਿ ਉਹ 1987 ਵਿੱਚ ਫਰੈਂਚ ਓਪਨ ਦਾ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤ ਗਈ। ਉਸੇ ਸਾਲ ਉਹ ਵਿਸ਼ਵ ਦੀ ਸਰਬੋਤਮ ਟੈਨਿਸ ਖਿਡਾਰਨ ਐਲਾਨੀ ਗਈ। ਫਿਰ ਤਾਂ ਐਸੀ ਚੱਲ ਸੋ ਚੱਲ ਹੋਈ ਕਿ ਆਏ ਦਿਨ ਉਸ ਨੂੰ ਜਿੱਤਾਂ ’ਤੇ ਜਿੱਤਾਂ ਨਸੀਬ ਹੋਣ ਲੱਗੀਆਂ। ਉਹ ਵਿਸ਼ਵ ਦੀ ਟੈਨਿਸ ਮਲਿਕਾ ਕਹੀ ਜਾਣ ਲੱਗੀ। ਜਿੱਧਰ ਵੀ ਜਾਂਦੀ ਹੱਥੀਂ ਛਾਵਾਂ ਹੁੰਦੀਆਂ। ਫਰੈਂਚ ਓਪਨ ਦਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਣ ਪਿੱਛੋਂ ਉਹ ਵਿਸ਼ਵ ਦੀ ਨੰਬਰ 1 ਖਿਡਾਰਨ ਬਣਨ ਦਾ ਖ਼ਿਤਾਬ ਵੀ ਹਾਸਲ ਕਰ ਗਈ।
1988 ਵਿੱਚ ਸਟੈਫੀ ਗ੍ਰਾਫ ਨੇ ਉਹ ਮਾਅਰਕਾ ਮਾਰਿਆ ਜੋ ਉਸ ਤੋਂ ਪਹਿਲਾਂ ਕਿਸੇ ਤੋਂ ਨਹੀਂ ਸੀ ਵੱਜਾ। ਉਸ ਨੂੰ ਕਹਿੰਦੇ ਹਨ: ਕੈਲੰਡਰ ਗ੍ਰੈਂਡ ਸਲੈਮ। ਉਸ ਵਿੱਚ ਵਿਸ਼ਵ ਭਰ ਦੇ ਵੱਡੇ ਟੈਨਿਸ ਟੂਰਨਾਮੈਂਟ ਆਸਟਰੇਲੀਅਨ ਓਪਨ, ਫ੍ਰੈਂਚ ਓਪਨ, ਵਿੰਬਲਡਨ ਤੇ ਯੂ ਐੱਸ ਓਪਨ ਆਦਿ, ਉਹ ਸਾਰੇ ਗਰੈਂਡ ਸਲੈਮ ਉਸ ਨੇ ਜਿੱਤੇ। ਨਾਲ ਲੋਹੜਾ ਇਹ ਮਾਰਿਆ ਕਿ 1988 ਦੀਆਂ ਓਲੰਪਿਕ ਖੇਡਾਂ ’ਚੋਂ ਇੱਕ ਗੋਲਡ ਤੇ ਇੱਕ ਕਾਂਸੀ ਦਾ ਮੈਡਲ ਵੀ ਜਿੱਤੇ। ਇਹ ਇੱਕ ਸਾਧਾਰਨ ਪਰਿਵਾਰ ਵਿੱਚ ਜੰਮੀ ਪਲੀ ਲੜਕੀ ਦੀ ਪ੍ਰਾਪਤੀ ਸੀ ਨਾ ਕਿ ਸੋਨੇ ਦੇ ਚਮਚੇ ਨਾਲ ਗੁੜਤੀ ਲੈ ਕੇ ਜੰਮੀ ਕਿਸੇ ਅਮੀਰਜ਼ਾਦੀ ਦੀ। ਆਲੇ ਭੋਲੇ ਬਚਪਨ ਤੋਂ ਲੈ ਕੇ ਉਸ ਨੇ ਟੈਨਿਸ ਦੀ ਲੰਮੀ, ਥਕਾਉਣ ਵਾਲੀ ਪਰ ਉਤਸ਼ਾਹ ਭਰੀ ਜੰਗ ਲੜੀ ਸੀ। ਉਹ ਘਰੋਂ ਸਿੱਧੀ ਹਵਾਈ ਅੱਡਿਆਂ ’ਤੇ ਜਾਂਦੀ, ਜਹਾਜ਼ਾਂ ’ਤੇ ਚੜ੍ਹਦੀ ਉਤਰਦੀ, ਸਿੱਧੀ ਟੈਨਿਸ ਦੇ ਮੈਦਾਨਾਂ ’ਚ ਪਹੁੰਚਦੀ ਤੇ ਪ੍ਰੈਕਟਿਸ ਕਰ ਕੇ ਜਾਂ ਟੂਰਨਾਮੈਂਟ ਖੇਡ ਕੇ ਸਿੱਧੀ ਘਰ ਮੁੜਦੀ। ਉਸ ਕੋਲ ਕੋਈ ਵਕਤ ਨਹੀਂ ਜੋ ਫ਼ਜ਼ੂਲ ਗੱਲਾਂ ’ਚ ਗੁਆਇਆ ਜਾਵੇ।
13 ਸਾਲ ਦੀ ਅੱਲ੍ਹੜ ਉਮਰ ’ਚ ਉਸ ਨੇ ਪਹਿਲਾ ਪੇਸ਼ੇਵਰ ਮੈਚ ਖੇਡਿਆ, 18 ਸਾਲ ਦੀ ਉਮਰੇ ਪਹਿਲਾ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ, ਉਸੇ ਸਾਲ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਐਲਾਨੀ ਗਈ, 19ਵੇਂ ਸਾਲ ਦੀ ਉਮਰੇ ਮਹਾਨ ਪ੍ਰਾਪਤੀ ਕੈਲੰਡਰ ਸਲੈਮ ਜਿੱਤਣ ਦੀ ਹੋਈ ਜਿਸ ਨੂੰ ‘ਗੋਲਡਨ ਸਲੈਮ’ ਵੀ ਕਿਹਾ ਜਾਂਦਾ ਹੈ। ਸਿਓਲ ਦੀਆਂ ਓਲੰਪਿਕ ਖੇਡਾਂ ’ਚ ਸਿੰਗਲਜ਼ ਦਾ ਗੋਲਡ ਤੇ ਡਬਲਜ਼ ਦਾ ਕਾਂਸੀ ਦਾ ਮੈਡਲ ਜਿੱਤ ਕੇ ਉਸ ਨੇ ਪੱਛਮੀ ਜਰਮਨੀ ਦਾ ਮਾਣ ਵਧਾਇਆ। ਫਿਰ ਬਰਲਿਨ ਦੀ ਦੀਵਾਰ ਢਾਹ ਕੇ ਈਸਟ ਜਰਮਨੀ ਤੇ ਵੈਸਟ ਜਰਮਨੀ ਇਕੱਠੇ ਹੋਏ ਤਾਂ 1992 ਵਿੱਚ ਬਾਰਸੀਲੋਨਾ ਦੀਆਂ ਓਲੰਪਿਕ ਖੇਡਾਂ ’ਚੋਂ ਸਟੈਫੀ ਗ੍ਰਾਫ ਨੇ ਇੱਕ ਸਿਲਵਰ ਮੈਡਲ ਜਰਮਨੀ ਦੇ ਨਾਂ ’ਤੇ ਵੀ ਜਿੱਤਿਆ। ਜਰਮਨੀ ਦੀ ਸਿਟੀਜ਼ਨ ਤਾਂ ਉਹ ਜਮਾਂਦਰੂ ਸੀ। ਸਰਗਰਮ ਖੇਡ ਤੋਂ ਰਿਟਾਇਰ ਹੋਣ ਪਿੱਛੋਂ ਅਮਰੀਕਾ ਵਿੱਚ ਵਸੇਬੇ ਕਾਰਨ ਉਹ ਅਮਰੀਕਾ ਦੀ ਵੀ ਸਿਟੀਜ਼ਨ ਹੈ।
ਸਟੈਫੀ ਗ੍ਰਾਫ ਦੀਆਂ ਪ੍ਰਾਪਤੀਆਂ ਵੇਖੀਏ ਤਾਂ ਔਰਤ ਦੀ ਸ਼ਕਤੀ, ਸਮਰੱਥਾ ਤੇ ਪ੍ਰਤਿਭਾ ਜਾਣ ਕੇ ਹੈਰਾਨੀ ਹੁੰਦੀ ਹੈ। ਉਸ ਨੇ ਆਪਣੇ ਖੇਡ ਕਰੀਅਰ ਵਿੱਚ 22 ਗ੍ਰੈਂਡ ਸਲੈਮ ਸਿੰਗਲ ਦੇ ਖ਼ਿਤਾਬ ਜਿੱਤੇ ਜੋ ਹੈਰਾਨ ਕਰ ਦੇਣ ਵਾਲੇ ਕਾਰਨਾਮੇ ਹਨ। ਇੰਜ ਕਰਦਿਆਂ ਉਸ ਨੇ ਟੈਨਿਸ ਦੀ ਖੇਡ ਵਿੱਚ ਔਰਤ ਦੀਆਂ ਜਿੱਤਾਂ ਦਾ ਨਵਾਂ ਇਤਿਹਾਸ ਰਚਿਆ। ਉਸ ਨੇ 50-100 ਹਫ਼ਤੇ ਨਹੀਂ, ਪੂਰੇ 377 ਹਫ਼ਤੇ ਵਿਸ਼ਵ ਰੈਂਕਿੰਗ ਵਿੱਚ ਅੱਵਲ ਨੰਬਰ ਰਹਿਣ ਦਾ ਰਿਕਾਰਡ ਰੱਖਿਆ ਜੋ ਛੇਤੀ ਕੀਤਿਆਂ ਟੁੱਟਣ ਵਾਲਾ ਨਹੀਂ। ਆਸਟਰੇਲੀਅਨ ਓਪਨ ਦਾ ਗ੍ਰੈਂਡ ਸਲੈਮ ਖ਼ਿਤਾਬ ਉਸ ਨੇ 4 ਵਾਰ, ਫਰੈੱਚ ਓਪਨ ਦਾ 6 ਵਾਰ, ਵਿੰਬਲਡਨ ਦਾ 7 ਵਾਰ ਤੇ ਯੂਐੱਸ ਓਪਨ ਦਾ 5 ਵਾਰ ਯਾਨੀ ਔਰਤਾਂ ਦੇ ਕੁੱਲ 22 ਗ੍ਰੈਂਡ ਸਲੈਮ ਐਵਾਰਡ ਜਿੱਤੇ ਜੋ ਮਿੱਟੀ, ਘਾਹ ਤੇ ਪੱਕੇ ਫਰਸ਼ ਵਾਲੇ ਟੈਨਿਸ ਕੋਰਟਾਂ ’ਤੇ ਖੇਡੇ ਜਾਂਦੇ ਰਹੇ। ਸਟੈਫੀ ਹਰ ਤਰ੍ਹਾਂ ਦੇ ਕੋਰਟਾਂ ’ਤੇ ਖੇਡਣ ਵਿੱਚ ਮਾਹਿਰ ਸੀ।
ਉਹ ਬਚਪਨ ਤੋਂ ਹੀ ਗੰਭੀਰ, ਆਪਣੀ ਖੇਡ ’ਚ ਮਗਨ, ਖਾਧ ਖੁਰਾਕ ਵੱਲ ਧਿਆਨ ਦੇਣ ਅਤੇ ਅੰਤਰਮੁਖੀ ਸੁਭਾਅ ਦੀ ਲੜਕੀ ਸੀ। ਉਹ ਫਜ਼ੂਲ ਦੀਆਂ ਮਿਲਣੀਆਂ ਤੇ ਬੇਲੋੜੀਆਂ ਬਹਿਸਾਂ ’ਚ ਸਮਾਂ ਨਹੀਂ ਸੀ ਗੁਆਉਂਦੀ। ਹਰ ਵੇਲੇ ਆਪਣੀ ਖੇਡ ਨੂੰ ਹੋਰ ਨਿਖਾਰਨ ਤੇ ਕਮੀਆਂ, ਕਮਜ਼ੋਰੀਆਂ ਸੁਧਾਰਨ ਵੱਲ ਧਿਆਨ ਦਿੰਦੀ ਸੀ। ਉਸ ਦਾ ਪਹਿਲਾ ਕੋਚ ਉਹਦਾ ਬਾਪ ਪੀਟਰ ਗ੍ਰਾਫ ਸੀ ਜੋ ਧੀ ਨੂੰ 1986 ਤੱਕ ਕੋਚਿੰਗ ਦਿੰਦਾ ਰਿਹਾ। 1986 ਤੋਂ 1991 ਤੱਕ ਉਸ ਨੂੰ ਪਾਵੇਲ ਸਲੋਜ਼ਿਲ ਨੇ ਕੋਚਿੰਗ ਦਿੱਤੀ ਤੇ 1992 ਤੋਂ 1999 ਤੱਕ ਹੈਂਜ਼ ਗੁੰਥਾਰਟ ਉਹਦਾ ਕੋਚ ਰਿਹਾ। ਉਹ 1982 ਤੋਂ 1999 ਤੱਕ ਸਤਾਰਾਂ ਸਾਲ ਜਿੱਤ ਮੰਚਾਂ ’ਤੇ ਚੜ੍ਹਦੀ ਰਹੀ। ਇਨ੍ਹਾਂ ਸਾਲਾਂ ਦੌਰਾਨ ਆਰਾਮ ਉਸ ਨੂੰ ਉਦੋਂ ਹੀ ਮਿਲਦਾ ਜਦੋਂ ਖੇਡਦਿਆਂ ਉਹਦੇ ਕੋਈ ਸੱਟ-ਫੇਟ ਲੱਗਦੀ ਜਾਂ ਮਸਲ ਖਿੱਚਿਆ ਜਾਂਦਾ। 17 ਸਾਲਾਂ ਦੇ ਖੇਡ ਜੀਵਨ ਵਿੱਚ ਉਸ ਨੂੰ ਲੱਖਾਂ ਮੀਲ ਹਵਾਈ ਸਫ਼ਰ ਕਰਨਾ ਪਿਆ ਜਿਸ ਲਈ ਸੈਂਕੜੇ ਹਵਾਈ ਅੱਡਿਆਂ ਤੋਂ ਚੜ੍ਹਨਾ ਉਤਰਨਾ ਪਿਆ। ਖਿਡਾਰੀ, ਸੈਲਾਨੀਆਂ ਵਾਂਗ ਵਿਸ਼ਵ ਦੇ ਸੁੰਦਰ ਸ਼ਹਿਰਾਂ ਤੇ ਨਜ਼ਾਰਿਆਂ ਦੀਆਂ ਸੈਰਾਂ ਨਹੀਂ ਕਰਦੇ ਬਲਕਿ ਖੇਡ ਮੁਕਾਬਲਿਆਂ ਲਈ ਲੰਮੇ ਸਫ਼ਰਾਂ ਦੀਆਂ ਪਰੇਸ਼ਾਨੀਆਂ ਝੱਲਦੇ ਤੇ ਨਾਲ ਦੀ ਨਾਲ ਸਫ਼ਰ ਦੌਰਾਨ ਕਸਰਤਾਂ ਕਰਦੇ ਹੋਏ ਜੁੱਸੇ ਵੀ ਫਿੱਟ ਰੱਖਦੇ ਹਨ।
ਜਿਵੇਂ ਵੱਡੇ ਪਹਿਲਵਾਨਾਂ ਦੇ ਆਪਣੇ ਖ਼ਾਸ ਦਾਅ ਹੁੰਦੇ ਹਨ ਜਿਨ੍ਹਾਂ ਨੂੰ ਵਰਤ ਕੇ ਉਹ ਕੁਸ਼ਤੀਆਂ ਜਿੱਤਦੇ ਹਨ ਉਵੇਂ ਸਟੈਫੀ ਦਾ ਖ਼ਾਸ ਦਾਅ ਉਸ ਦਾ ‘ਫੋਰਹੈਂਡ’ ਸੀ। ਉਹ ਸਵੀਪਿੰਗ ਫੋਰਹੈਂਡ ਮਾਰ ਕੇ ਮੈਚ ਦਾ ਰੁਖ਼ ਪਲਟ ਦਿੰਦੀ ਸੀ। ਉਸ ਦੀ ਤੇਜ਼ ਦੌੜ, ਮੁੜਨ ਦੀ ਫੁਰਤੀ ਤੇ ਖੇਡ ਦੀ ਸਫ਼ਾਈ ਨੇ ਉਸ ਨੂੰ ਅਦੁੱਤੀ ਖਿਡਾਰਨ ਬਣਾਇਆ। ਮੈਦਾਨ ਵਿੱਚ ਉਸ ਦੀ ਮੌਜੂਦਗੀ ਖੇਡ ਨੂੰ ਰਚਨਾਤਮਕ ਬਣਾਈ ਰੱਖਦੀ ਸੀ ਤੇ ਮੈਚ ਦਾ ਮੁਹਾਣ ਕਿਸੇ ਵੀ ਸਮੇਂ ਆਪਣੇ ਹੱਕ ਵਿੱਚ ਮੋੜ ਸਕਦੀ ਸੀ। ਉਸ ਦੀ ਸਰਵਿਸ ਕਮਾਲ ਦੀ ਸੀ ਜਿਸ ਦੀ ਸਪੀਡ ਹੈਰਾਨ ਕਰ ਦੇਣ ਵਾਲੀ ਹੁੰਦੀ ਸੀ। 1987 ਤੋਂ 1996 ਤੱਕ ਦੇ 10 ਸਾਲ ਉਸ ਦੀ ਖੇਡ ਦੇ ਸੁਨਹਿਰੀ ਸਾਲ ਸਨ। ਉਦੋਂ ਸੀ ਵੀ ਉਹ ਭਰ ਜੁਆਨ। ਉਸ ਨੇ ਆਪਣੇ ਖੇਡ ਕਰੀਅਰ ਦੌਰਾਨ 107 ਸਿੰਗਲਜ਼ ਟਾਈਟਲ ਜਿੱਤੇ ਜੋ ਕਹਿ ਦੇਣੀ ਗੱਲ ਹੈ। ਉਸ ਦਾ ਖੇਡ ਅੰਦਾਜ਼ ਸੰਜਮੀ, ਸੋਚ-ਵਿਚਾਰ ਵਾਲਾ ਤੇ ਤਕਨੀਕੀ ਤੌਰ ’ਤੇ ਸ਼ਾਨਦਾਰ ਸੀ। ਕੋਰਟ ਦੀਆਂ ਬਾਹਰੀ ਲਕੀਰਾਂ ਤੱਕ ਦੀ ਇੰਚ-ਇੰਚ ਜਗ੍ਹਾ ਅੱਖਾਂ ਮੀਚ ਕੇ ਵੀ ਉਹਦੀ ਨਜ਼ਰ ਵਿੱਚ ਰਹਿੰਦੀ ਸੀ। ਟੈਨਿਸ ਕੋਰਟ ਦੀਆਂ ਲਕੀਰਾਂ ਜਿਵੇਂ ਧਰਤੀ ਦੀ ਥਾਂ ਉਹਦੇ ਮਨ ਮਸਤਕ ਵਿੱਚ ਵਾਹੀਆਂ ਹੋਣ।
ਉਹ ਧੀਰਜ ਨਾਲ ਖੇਡਦੀ ਤੇ ਵਾਧੂ ਉਤੇਜਨਾ ਵਿੱਚ ਨਾ ਆਉਂਦੀ ਸਗੋਂ ਉਹਦੇ ਚਿਹਰੇ ’ਤੇ ਸਦਾ ਸ਼ਾਂਤੀ ਸਮਾਈ ਲੱਗਦੀ। ਉਹਦੀ ਮਿੰਨੀ ਮੁਸਕਾਨ ਦਰਸ਼ਕਾਂ ਨੂੰ ਬੇਹੱਦ ਪਿਆਰੀ ਲੱਗਦੀ। ਉਹ ਭਾਵਨਾਵਾਂ ਦਾ ਬੇਲੋੜਾ ਵਿਖਾਵਾ ਨਹੀਂ ਸੀ ਕਰਦੀ ਤੇ ਵਿਰੋਧੀ ਖਿਡਾਰੀਆਂ ’ਤੇ ਨਿਰਾਰਥਕ ਦਬਾਅ ਨਹੀਂ ਸੀ ਪਾਉਂਦੀ। ਉਹ ਸਹਿਜ ਤੇ ਸੁਹਜ ਨਾਲ ਕੋਰਟ ਵਿੱਚ ਆਉਂਦੀ। ਨਾ ਜਿੱਤਣ ਵੇਲੇ ਆਫਰਦੀ, ਨਾ ਹਾਰ ਜਾਣ ’ਤੇ ਢੇਰੀ ਢਾਹੁੰਦੀ। ਬੇਲੋੜੀਆਂ ਫੜਾਂ ਮਾਰਨੀਆਂ ਜਾਂ ਬਿਆਨ ਦਾਗਣੇ ਉਹ ਖਿਡਾਰੀ ਦੀ ਕਮਜ਼ੋਰੀ ਸਮਝਦੀ ਸੀ। ਉਸ ਨੂੰ ਮੰਨਤਾਂ ਮੁਰਾਦਾਂ ਮੰਨਣ ਦੀ ਥਾਂ ਆਪਣੀ ਖੇਡ ਵਿੱਚ ਵਿਸ਼ਵਾਸ ਸੀ। ਉਸ ਦਾ ਵਧੇਰੇ ਸਖ਼ਤ ਮੁਕਾਬਲਾ ਮੋਨਿਕਾ ਸੇਲੇਸ ਨਾਲ ਹੁੰਦਾ ਸੀ ਜੋ 1990 ਤੋਂ 1993 ਤੱਕ ਚੱਲਿਆ। 1993 ’ਚ ਮੋਨਿਕਾ ’ਤੇ ਹਮਲਾ ਹੋ ਜਾਣ ਕਰਕੇ ਉਹ ਟੈਨਿਸ ਕੋਰਟ ਤੋਂ ਲਾਂਭੇ ਹੋ ਗਈ ਸੀ। ਫਿਰ ਨਵਰਾਤੀਲੋਵਾ ਤੇ ਸਬਾਤੀਨੀ ਨਾਲ ਉਸ ਦੇ ਗਹਿ-ਗੱਡਵੇਂ ਮੈਚ ਹੁੰਦੇ ਰਹੇ।
ਇੱਕ ਵਕਤ ਐਸਾ ਵੀ ਆਇਆ ਜਦੋਂ ਉਹ ਆਪਣੀ ਆਮਦਨ ਦਾ ਸਹੀ ਟੈਕਸ ਦੇਣਾ ਖੁੰਝ ਗਈ ਸੀ। ਉਸ ਦਾ ਬਾਪ ਉਹਦੀ ਕਮਾਈ ਦਾ ਮੁੱਢ ਤੋਂ ਹੀ ਵਿੱਤੀ ਪ੍ਰਬੰਧਕ ਸੀ ਜਿਸ ਕਰਕੇ ਟੈਕਸ ਤਾਰਨ ਦੀ ਜ਼ਿੰਮੇਵਾਰੀ ਉਹਦੀ ਸੀ। ਉਸ ਦੇ ਕੋਚ ਰਹੇ ਬਾਪ ਉਤੇ ਸਟੈਫੀ ਦੇ ਮੁੱਢਲੇ ਦੌਰ ਦੀ ਕਮਾਈ ’ਤੇ ਟੈਕਸ ਚੋਰੀ ਦਾ ਕੇਸ ਪੈ ਗਿਆ ਜੋ ਸਟੈਫੀ ਲਈ ਬੇਹੱਦ ਪਰੇਸ਼ਾਨੀ ਵਾਲਾ ਸੀ। ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ’ਤੇ ਟੈਕਸ ਚੋਰੀ ਦਾ ਮੁਕੱਦਮਾ ਚੱਲਿਆ। ਪੀਟਰ ਗ੍ਰਾਫ ਨੂੰ 45 ਮਹੀਨਿਆਂ ਦੀ ਜੇਲ੍ਹ ਮਿਲੀ। ਵਿਸ਼ਵ ਭਰ ਦੀ ਸਨਮਾਨਿਤ ਖਿਡਾਰਨ ਸਟੈਫੀ ਗ੍ਰਾਸ ਨੇ ਅਪੀਲ ਕੀਤੀ ਕਿ ਜੇਲ੍ਹ ਦੀ ਥਾਂ ਜੁਰਮਾਨਾ ਲੈ ਲਓ। ਉਸ ਦੀ ਅਪੀਲ ’ਤੇ 25 ਮਹੀਨਿਆਂ ਦੀ ਜੇਲ੍ਹ ਭੁਗਤਣ ਬਾਅਦ 1997 ’ਚ ਕੇਸ ਵਾਪਸ ਲੈ ਲਿਆ ਗਿਆ ਤੇ 13 ਲੱਖ ਡਾਲਰ ਦਾ ਜੁਰਮਾਨਾ ਉਗਰਾਹ ਕੇ ਪੀਟਰ ਗ੍ਰਾਸ ਨੂੰ ਰਿਹਾਅ ਕਰ ਦਿੱਤਾ। ਉਸੇ ਸਾਲ ਸਟੈਫੀ ਗ੍ਰਾਫ ਨੂੰ ਗੋਡਿਆਂ ਤੇ ਬੈਕ ਦੀ ਸਮੱਸਿਆ ਆਈ ਜਿਸ ਕਰਕੇ ਉਹ ਮਾਰਟੀਨਾ ਹਿੰਗਿਸ ਹੱਥੋਂ 1997 ਦਾ ਗਰੈਂਡ ਸਲੈਮ ਟਾਈਟਲ ਹਾਰ ਬੈਠੀ। ਉਸ ਨਾਲ ਉਹਦਾ ਵਿਸ਼ਵ ਦੀ ਅੱਵਲ ਨੰਬਰ ਖਿਡਾਰਨ ਦਾ ਰੈਂਕ ਵੀ ਖੁੱਸ ਗਿਆ।
1999 ਵਿੱਚ ਖੇਡ ਤੋਂ ਰਿਟਾਇਰ ਹੋਣ ਪਿੱਛੋਂ ਸਟੈਫੀ ਗ੍ਰਾਫ ਦੀ ਜ਼ਿੰਦਗੀ ਨੇ ਨਵੀਂ ਕਰਵਟ ਲਈ। ਤਦ ਤੱਕ ਉਹ ਤੀਹ ਸਾਲਾਂ ਦੀ ਹੋ ਗਈ ਸੀ ਤੇ ਵਿਆਹ ਵੀ ਕਰਾਉਣਾ ਸੀ। ਉਸੇ ਸਾਲ ਉਹ ਟੈਨਿਸ ਦੇ ਸਟਾਰ ਖਿਡਾਰੀ ਆਂਦਰੇ ਅਗਾਸੀ ਦੇ ਸੰਪਰਕ ਵਿੱਚ ਆਈ ਤੇ ਦੋ ਸਾਲ ਦੇ ਮੇਲ ਗੇਲ ਪਿੱਛੋਂ 22 ਅਕਤੂਬਰ 2001 ਨੂੰ ਦੋਹਾਂ ਨੇ ਵਿਆਹ ਕਰਾ ਲਿਆ। ਦੋਹਾਂ ਦੀਆਂ ਮਾਵਾਂ ਮੌਕੇ ਦੀਆਂ ਗਵਾਹ ਬਣੀਆਂ। ਉਹ ਵਿਆਹ ਖ਼ੁਸ਼ੀਆਂ ਭਰਿਆ ਤੇ ਟਿਕਾਊ ਰਿਹਾ। ਉਨ੍ਹਾਂ ਦੇ ਪਹਿਲਾਂ ਪੁੱਤਰ ਤੇ ਫਿਰ ਧੀ, ਦੋ ਬੱਚੇ ਪੈਦਾ ਹੋਏ ਜੋ ਘਰ ਦੇ ਰੋਸ਼ਨ ਚਿਰਾਗ ਹਨ। ਸਟੈਫੀ ਗ੍ਰਾਫ ਤੇ ਆਂਦਰੇ ਅਗਾਸੀ ਖ਼ੂਬਸੂਰਤ ਆਦਰਸ਼ਕ ਜੋੜਾ ਹੈ ਜੋ ਸਮਾਜਿਕ ਕਾਰਜਾਂ ਵਿੱਚ ਦਿਲਚਸਪੀ ਰੱਖਦਾ ਹੈ। ਉਨ੍ਹਾਂ ਦਾ ਧਿਆਨ ਚੈਰਿਟੀ ਦੇ ਕਾਰਜਾਂ, ਸਰੀਰਕ ਸੰਭਾਲ, ਲੜਕੀਆਂ ਦੀ ਸਿੱਖਿਆ ਤੇ ਖੇਡਾਂ ਵੱਲ ਰਹਿੰਦਾ ਹੈ ਜਿਸ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣੀ ਸੰਸਥਾ ‘ਚਿਲਡਰਨ ਫਾਰ ਟੂਮਾਰੋ’ ਸਥਾਪਿਤ ਕੀਤੀ ਹੈ ਜੋ ਜ਼ੁਲਮਾਂ ਦੇ ਸਤਾਏ ਤੇ ਸੰਘਰਸ਼ ਵਾਲੇ ਖੇਤਰਾਂ ’ਚੋਂ ਬਚੇ ਬੱਚਿਆਂ ਦੀ ਮਦਦ ਕਰਦੀ ਹੈ।
ਸਟੈਫੀ ਗ੍ਰਾਫ ਦੀਆਂ ਖੇਡ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ 1999 ਵਿੱਚ ਉਸ ਦਾ ਨਾਂ ਅੰਤਰਰਾਸ਼ਟਰੀ ਟੈਨਿਸ ਹਾਲ ਆਫ਼ ਫੇਮ ਵਿੱਚ ਸੁਸ਼ੋਭਿਤ ਕੀਤਾ ਗਿਆ। ਉਸ ਨੇ ਟੈਨਿਸ ਦੀ ਖੇਡ ਵਿੱਚ ਉਸ ਬੁਲੰਦੀ ਨੂੰ ਛੋਹਿਆ ਜੋ ਉਸ ਤੋਂ ਪਹਿਲਾਂ ਨਾ ਕਿਸੇ ਮਰਦ ਤੇ ਨਾ ਕਿਸੇ ਔਰਤ ਨੇ ਛੋਹੀ ਸੀ। ਉਹ ਐਸੀ ਖਿਡਾਰਨ ਵਜੋਂ ਚੇਤੇ ਰਹੇਗੀ ਜਿਸ ਦੀ ਖੇਡ ਪ੍ਰਤਿਭਾ, ਮਾਸੂਮੀਅਤ ਤੇ ਸੁੰਦਰਤਾ ਨੇ ਖੇਡ ਪ੍ਰੇਮੀਆਂ ਦੇ ਦਿਲਾਂ ’ਤੇ ਰਾਜ ਕੀਤਾ। ਉਹਦਾ ਜੀਵਨ ਉੱਚੀਆਂ ਤੋਂ ਉੱਚੀਆਂ ਉਡਾਣਾਂ ਭਰਨ ਦੀ ਖੇਡ ਕਥਾ ਹੈ। ਸਟੈਫੀ ਗ੍ਰਾਫ ਦੀ ਵਿਰਾਸਤ ਖੇਡ-ਖ਼ਿਤਾਬਾਂ ਵਿੱਚ ਨਹੀਂ ਸਗੋਂ ਉਸ ਦੀ ਖੇਡ ਲਗਨ, ਨਿਮਰਤਾ ਤੇ ਸੁਹਿਰਦਤਾ ਵਿੱਚ ਹੈ। ਉਸ ਦੇ ਖੇਡ ਰਿਕਾਰਡ ਨਵੇਂ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹਨ ਜੋ ਸੁਨੇਹੇ ਦਿੰਦੇ ਹਨ, ਆਵੇ ਕੋਈ ਨਿੱਤਰੇ!
ਈ-ਮੇਲ: principalsarwansingh@gmail.com