ਪਿਛਲਾ ਵਰ੍ਹਾ ਚੁਣੌਤੀਪੂਰਨ ਸੀ: ਸ਼ੈਫਾਲੀ ਵਰਮਾ
ਮਿਹਨਤ ਵਿਸ਼ਵ ਕੱਪ ’ਚ ਰੰਗ ਲਿਆਈ w ਰੋਹਤਕ ਪੁੱਜੀ ਸ਼ੈਫਾਲੀ ਦਾ ਸਵਾਗਤ; ਮੁੱਖ ਮੰਤਰੀ ਨਾਲ ਮੁਲਾਕਾਤ 12 ਨੂੰ
ਮਹਿਲਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ’ਚ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਉਣ ਵਾਲੀ ਕ੍ਰਿਕਟਰ ਸ਼ੈਫਾਲੀ ਵਰਮਾ ਨੇ ਕਿਹਾ ਕਿ ਪਿਛਲਾ ਇਕ ਸਾਲ ਉਸ ਲਈ ਬਹੁਤ ਚੁਣੌਤੀਪੂਰਨ ਸੀ ਕਿਉਂਕਿ ਉਸ ਨੂੰ ਆਪਣੀ ਖੇਡ ਵਿਚ ਸੁਧਾਰ ਤੇ ਗੁਆਚੀ ਲੈਅ ਹਾਸਲ ਕਰਨ ਲਈ ਬਹੁਤ ਸਖ਼ਤ ਮਿਹਨਤ ਕਰਨੀ ਪਈ। ਸ਼ੈਫਾਲੀ ਦਾ ਅੱਜ ਆਪਣੇ ਗ੍ਰਹਿ ਜ਼ਿਲ੍ਹੇ ਰੋਹਤਕ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮਗਰੋਂ ਸ਼ੈਫਾਲੀ ਸਰਕਟ ਹਾਊਸ ਪਹੁੰਚੀ, ਜਿੱਥੇ ਉਸ ਦਾ ਸਨਮਾਨ ਕੀਤਾ ਗਿਆ। ਸ਼ੈਫਾਲੀ ਹੁਣ 12 ਨਵੰਬਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕਰੇਗੀ।
ਸ਼ੈਫਾਲੀ ਨੇ ਇੱਥੇ ਸਰਕਟ ਹਾਊਸ ’ਚ ਸਨਮਾਨ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ, ‘‘ਪਿਛਲਾ ਇੱਕ ਸਾਲ ਮੇਰੇ ਲਈ ਸੱਚਮੁੱਚ ਔਖਾ ਸੀ। ਮੈਨੂੰ ਕਈ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ ਪਰ ਮੈਂ ਸਖ਼ਤ ਮਿਹਨਤ ਕਰਦੀ ਰਹੀ। ਜਦੋਂ ਮੈਂ ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਟੀਮ ’ਚ ਸ਼ਾਮਲ ਹੋਈ ਤਾਂ ਚੰਗਾ ਪ੍ਰਦਰਸ਼ਨ ਕਰਨ ਤੇ ਭਾਰਤ ਦੀ ਜਿੱਤ ’ਚ ਯੋਗਦਾਨ ਪਾਉਣ ਲਈ ਦ੍ਰਿੜ ਸੀ। ਫਾਈਨਲ ਹਮੇਸ਼ਾ ਵੱਡਾ ਪੜਾਅ ਹੁੰਦਾ ਹੈ। ਪਹਿਲਾਂ ਮੈਂ ਥੋੜ੍ਹਾ ਘਬਰਾਈ ਹੋਈ ਸੀ ਪਰ ਫਿਰ ਖ਼ੁਦ ਨੂੰ ਸ਼ਾਂਤ ਕਰਦਿਆਂ ਆਪਣੀ ਰਣਨੀਤੀ ਨੂੰ ਚੰਗੀ ਤਰ੍ਹਾਂ ਲਾਗੂ ਕੀਤਾ, ਜਿਸ ਨਾਲ ਫਾਈਨਲ ’ਚ ਹਰਫ਼ਨਮੌਲਾ ਪ੍ਰਦਰਸ਼ਨ ’ਚ ਮਦਦ ਮਿਲੀ।’’ ਖ਼ਿਤਾਬੀ ਮੁਕਾਬਲੇ ਦੇ ਅਹਿਮ ਪਲਾਂ ਨੂੰ ਯਾਦ ਕਰਦਿਆਂ ਸ਼ੈਫਾਲੀ ਨੇ ਕਿਹਾ, ‘‘ਮੈਨੂੰ ਗੇਂਦਬਾਜ਼ੀ ਸੌਂਪੀ ਗਈ ਤੇ ਮੇਰਾ ਟੀਚਾ ਵਿਕਟਾਂ ਲੈਣ ਦਾ ਸੀ। ਉਸ ਪੜਾਅ ’ਤੇ ਦੱਖਣੀ ਅਫਰੀਕਾ ਦੀਆਂ ਲੈਅ ’ਚ ਚੱਲ ਰਹੀਆਂ ਬੱਲੇਬਾਜ਼ਾਂ ਨੂੰ ਆਊਟ ਕਰਨਾ ਹੀ ਅਹਿਮ ਮੋੜ ਸਾਬਤ ਹੋਇਆ।’’ ਫਾਈਨਲ ’ਚ ਸੈਂਕੜੇ ਖੁੰਝਣ ’ਤੇ ਅਫ਼ਸੋਸ ਸਬੰਧੀ ਪੁੱਛਣ ’ਤੇ ਉਸ ਨੇ ਮੁਸਕਰਾਉਂਦਿਆਂ ਆਖਿਆ, ‘‘ਜਦੋਂ ਤੁਸੀਂ ਵਿਸ਼ਵ ਕੱਪ ਜਿੱਤ ਲੈਂਦੇ ਹੋ ਤਾਂ ਸੈਂਕੜਾ ਮਾਇਨੇ ਨਹੀਂ ਰੱਖਦਾ।’’
ਆਪਣੇ ਹੁਨਰ ’ਤੇ ਭਰੋਸਾ ਰੱਖੋ ...
ਸ਼ੈਫਾਲੀ ਵਰਮਾ ਨੇ ਲੜਕੀਆਂ ਲਈ ਸੰਦੇਸ਼ ਦਿੰਦਿਆਂ ਕਿਹਾ, ‘‘ਆਪਣੇ ਹੁਨਰ ’ਤੇ ਵਿਸ਼ਵਾਸ ਰੱਖੋ ਅਤੇ ਸਖ਼ਤ ਮਿਹਨਤ ਕਰਦੇ ਰਹੋ। ਜੇਕਰ ਤੁਹਾਨੂੰ ਖ਼ੁਦ ’ਤੇ ਭਰੋਸਾ ਹੈ ਤਾਂ ਕੁਝ ਵੀ ਮੁਸ਼ਕਲ ਨਹੀਂ ਹੈ।’’ ਇਸ ਮਗਰੋਂ ਸ਼ੈਫਾਲੀ ਖੁੱਲ੍ਹੀ ਜੀਪ ਵਿੱਚ ਘਨੀਪੁਰਾ ਮੁਹੱਲੇ ਵਿਚਲੇ ਆਪਣੇ ਘਰ ਲਈ ਰਵਾਨਾ ਹੋ ਗਈ।

