DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Khel Ratna: ਮਨੂ, ਗੁਕੇਸ਼, ਹਰਮਨਪ੍ਰੀਤ ਤੇ ਪ੍ਰਵੀਨ ਨੂੰ ਖੇਲ ਰਤਨ ਪੁਰਸਕਾਰ

ਖੇਡ ਮੰਤਰਾਲੇ ਵੱਲੋਂ ਐਲਾਨੇ 32 ਅਰਜੁਨ ਪੁਰਸਕਾਰ ਜੇਤੂਆਂ ਵਿੱਚ 17 ਪੈਰਾ ਅਥਲੀਟ ਸ਼ਾਮਲ
  • fb
  • twitter
  • whatsapp
  • whatsapp
Advertisement

* ਰਾਸ਼ਟਰਪਤੀ ਮੁਰਮੂ ਖਿਡਾਰੀਆਂ ਦਾ 17 ਨੂੰ ਕਰਨਗੇ ਸਨਮਾਨ

ਨਵੀਂ ਦਿੱਲੀ, 2 ਜਨਵਰੀ

Advertisement

ਖੇਡ ਮੰਤਰਾਲੇ ਨੇ ਅੱਜ ਓਲੰਪਿਕ ਵਿੱਚ ਦੋ ਤਗ਼ਮੇ ਜੇਤੂ ਮਨੂ ਭਾਕਰ, ਸ਼ਤਰੰਜ ਵਿਸ਼ਵ ਚੈਂਪੀਅਨ ਡੀ. ਗੁਕੇਸ਼, ਪੁਰਸ਼ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾ ਅਥਲੀਟ ਪ੍ਰਵੀਨ ਕੁਮਾਰ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਖੇਡ ਮੰਤਰਾਲੇ ਵੱਲੋਂ 32 ਅਰਜੁਨ ਪੁਰਸਕਾਰ ਜੇਤੂਆਂ ਦੇ ਨਾਮ ਵੀ ਐਲਾਨੇ ਗਏ ਹਨ, ਜਿਨ੍ਹਾਂ ਵਿੱਚ 17 ਪੈਰਾ-ਅਥਲੀਟਾਂ ਦੇ ਨਾਮ ਵੀ ਸ਼ਾਮਲ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਇਨ੍ਹਾਂ ਨੂੰ ਪੁਰਸਕਾਰ ਦੇਣਗੇ।

22 ਸਾਲਾ ਭਾਕਰ ਇਕ ਓਲੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਆਜ਼ਾਦ ਭਾਰਤ ਦੀ ਪਹਿਲੀ ਅਥਲੀਟ ਬਣੀ ਸੀ। ਉਸ ਨੇ ਅਗਸਤ ਵਿੱਚ ਪੈਰਿਸ ਓਲੰਪਿਕ ’ਚ 10 ਮੀਟਰ ਏਅਰ ਪਿਸਟਲ ਵਿਅਕਤੀਗਤ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਕਾਂਸੇ ਦੇ ਤਗ਼ਮੇ ਜਿੱਤੇ ਸਨ। ਬੀਤੇ ਦਿਨੀਂ ਭਾਕਰ ਦੇ ਪਿਤਾ ਅਤੇ ਕੋਚ ਨੇ ਖੇਡ ਮੰਤਰਾਲੇ ’ਤੇ ਭਾਕਰ ਨੂੰ ਖੇਡ ਰਤਨ ਲਈ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ ਸੀ। ਇਸੇ ਓਲੰਪਿਕ ਵਿੱਚ ਹਰਮਪ੍ਰੀਤ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ ਨੇ ਲਗਾਤਾਰ ਦੂਜਾ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਦੂਜੇ ਪਾਸੇ 18 ਸਾਲਾ ਗੁਕੇਸ਼ ਹਾਲ ਹੀ ਵਿੱਚ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਵਿਸ਼ਵ ਚੈਂਪੀਅਨ ਬਣਿਆ। ਇਸ ਤੋਂ ਪਹਿਲਾਂ ਉਸ ਨੇ ਸ਼ਤਰੰਜ ਓਲੰਪਿਆਡ ਵਿੱਚ ਭਾਰਤੀ ਟੀਮ ਨੂੰ ਇਤਿਹਾਸਕ ਸੋਨ ਤਗ਼ਮਾ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸੇ ਤਰ੍ਹਾਂ ਪੈਰਾ ਹਾਈ-ਜੰਪਰ ਪ੍ਰਵੀਨ ਪੈਰਿਸ ਪੈਰਾਲੰਪਿਕ ਵਿੱਚ ਟੀ64 ਵਰਗ ਵਿੱਚ ਚੈਂਪੀਅਨ ਬਣਿਆ ਸੀ। ਅਰਜੁਨ ਪੁਰਸਕਾਰ ਲਈ ਚੁਣੇ ਗਏ ਅਥਲੀਟਾਂ ਵਿੱਚ ਪੈਰਿਸ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲਾ ਪਹਿਲਵਾਨ ਅਮਨ ਸਹਿਰਾਵਤ, ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਅਤੇ ਸਰਬਜੋਤ ਸਿੰਘ, ਪੁਰਸ਼ ਹਾਕੀ ਟੀਮ ਦੇ ਖਿਡਾਰੀ ਜਰਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਸੰਜੈ ਅਤੇ ਅਭਿਸ਼ੇਕ, ਦੌੜਾਕ ਜਯੋਤੀ ਯਾਰਾਜੀ, ਜੈਵਲਿਨ ਥ੍ਰੋਅਰ ਅਨੂ ਰਾਣੀ, ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ, ਵਿਸ਼ਵ ਚੈਂਪੀਅਨ ਮੁੱਕੇਬਾਜ਼ ਨੀਤੂ ਅਤੇ ਸਵੀਟੀ, ਤੈਰਾਕ ਸਾਜਨ ਪ੍ਰਕਾਸ਼, ਓਲੰਪੀਆਡ ਵਿੱਚ ਸੋਨ ਤਗ਼ਮਾ ਜੇਤੂ ਸ਼ਤਰੰਜ ਖਿਡਾਰਨ ਵੰਤਿਕਾ ਅਗਰਵਾਲ ਤੇ ਸਕੁਐਸ਼ ਸਟਾਰ ਅਭੈ ਸਿੰਘ ਸ਼ਾਮਲ ਹਨ। ਇਸ ਤੋਂ ਇਲਾਵਾ ਜਿਨ੍ਹਾਂ ਪੈਰਾ-ਅਥਲੀਟਾਂ ਨੂੰ ਅਰਜੁਨ ਪੁਰਸਕਾਰ ਦਿੱਤਾ ਜਾਵੇਗਾ, ਉਨ੍ਹਾਂ ਵਿੱਚ ਜੇਤੂ ਧਰਮਬੀਰ (ਕਲੱਬ ਥਰੋਅ), ਨਵਦੀਪ ਸਿੰਘ (ਜੈਵਲਿਨ ਥ੍ਰੋਅ), ਨਿਤੇਸ਼ ਕੁਮਾਰ (ਪੈਰਾ ਬੈਡਮਿੰਟਨ), ਰਾਕੇਸ਼ ਕੁਮਾਰ (ਤੀਰਅੰਦਾਜ਼ੀ), ਮੋਨਾ ਅਗਰਵਾਲ (ਨਿਸ਼ਾਨੇਬਾਜ਼ੀ), ਰੁਬੀਨਾ ਫਰਾਂਸਿਸ (ਨਿਸ਼ਾਨੇਬਾਜ਼ੀ), ਪ੍ਰੀਤੀ ਪਾਲ, ਜੀਵਨਜੀ ਦੀਪਤੀ, ਅਜੀਤ ਸਿੰਘ, ਸਚਿਨ ਸਰਜੇਰਾਓ ਖਿਲਾੜੀ, ਪ੍ਰਣਵ ਸੂਰਮਾ, ਐਚ ਹੋਕਾਟੋ ਸੇਮਾ, ਸਿਮਰਨ, ਤੁਲਾਸੀਮਤੀ ਮੁਰੂਗੇਸਨ, ਨਿਤਿਆ ਸ੍ਰੀ ਸੁਮਾਤੀ ਸਿਵਾਨ, ਮਨੀਸ਼ਾ ਰਾਮਦਾਸ ਅਤੇ ਕਪਿਲ ਪਰਮਾਰ (ਪੈਰਾ-ਜੂਡੋ) ਸ਼ਾਮਲ ਹਨ। -ਪੀਟੀਆਈ

ਲਾਈਫਟਾਈਮ ਅਰਜੁਨ ਐਵਾਰਡ ਜੇਤੂਆਂ ’ਚ ਸੁੱਚਾ ਸਿੰਘ ਤੇ ਪੇਟਕਰ ਸ਼ਾਮਲ

ਮੁਰਲੀਕਾਂਤ ਪੇਟਕਰ

ਲਾਈਫਟਾਈਮ ਅਰਜੁਨ ਐਵਾਰਡ ਜੇਤੂਆਂ ਵਿੱਚ ਸਾਬਕਾ ਸਾਈਕਲਿਸਟ ਸੁੱਚਾ ਸਿੰਘ ਅਤੇ ਭਾਰਤ ਦਾ ਪਹਿਲਾ ਪੈਰਾਲੰਪਿਕ ਸੋਨ ਤਗ਼ਮਾ ਜੇਤੂ ਮੁਰਲੀਕਾਂਤ ਪੇਟਕਰ ਸ਼ਾਮਲ ਹਨ। ਪੇਟਕਰ ਨੇ 1972 ਪੈਰਾਲੰਪਿਕ ਵਿੱਚ 50 ਮੀਟਰ ਫ੍ਰੀਸਟਾਈਲ ਤੈਰਾਕੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। 1965 ਦੀ ਭਾਰਤ-ਪਾਕਿ ਜੰਗ ਦੌਰਾਨ ਗੋਲੀ ਲੱਗਣ ਕਾਰਨ ਅਪਾਹਜ ਹੋਏ ਪੇਟਕਰ ਦੇ ਜੀਵਨ ’ਤੇ ਹਾਲ ਹੀ ਵਿੱਚ ਫਿਲਮ ‘ਚੰਦੂ ਚੈਂਪੀਅਨ’ ਬਣੀ ਹੈ।

ਸਵਪਨਿਲ ਦੀ ਕੋਚ ਦੀਪਾਲੀ ਦੇਸ਼ਪਾਂਡੇ ਸਣੇ ਤਿੰਨ ਨੂੰ ਮਿਲੇਗਾ ਦਰੋਣਾਚਾਰੀਆ ਪੁਰਸਕਾਰ

ਦੀਪਾਲੀ ਦੇਸ਼ਪਾਂਡੇ

ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸਵਪਨਿਲ ਕੁਸਾਲੇ ਦੀ ਕੋਚ ਦੀਪਾਲੀ ਦੇਸ਼ਪਾਂਡੇ, ਪੈਰਾ ਸ਼ੂਟਿੰਗ ਕੋਚ ਸੁਭਾਸ਼ ਰਾਣਾ ਅਤੇ ਹਾਕੀ ਕੋਚ ਸੰਦੀਪ ਸਾਂਗਵਾਨ ਨੂੰ ਦਰੋਣਾਚਾਰੀਆ ਪੁਰਸਕਾਰ ਦਿੱਤਾ ਜਾਵੇਗਾ। ਇਸੇ ਤਰ੍ਹਾਂ ਭਾਰਤੀ ਫੁਟਬਾਲ ਟੀਮ ਦੇ ਸਾਬਕਾ ਮੈਨੇਜਰ ਅਰਮਾਂਡੋ ਕੋਲਾਸੋ ਅਤੇ ਬੈਡਮਿੰਟਨ ਕੋਚ ਐੱਸ ਮੁਰਲੀਧਰਨ ਨੂੰ ਦਰੋਣਾਚਾਰੀਆ ਪੁਰਸਕਾਰ (ਲਾਈਫਟਾਈਮ) ਨਾਲ ਸਨਮਾਨਿਆ ਜਾਵੇਗਾ।

Advertisement
×