ਕੇਸਾਧਾਰੀ ਹਾਕੀ: ਮਿਸਲ ਡੱਲੇਵਾਲੀਆ ਦੀ ਖਿਤਾਬੀ ਜਿੱਤ
ਮਿਸਲ ਨਿਸ਼ਾਨਾਂਵਾਲੀ ਨੂੰ ਦੂਜਾ ਤੇ ਮਿਸਲ ਰਾਮਗਡ਼੍ਹੀਆ ਨੂੰ ਮਿਲਿਆ ਤੀਜਾ ਸਥਾਨ; ਜੇਤੂ ਟੀਮ ਨੂੰ ਲੱਖ ਰੁਪਏ ਦਾ ਇਨਾਮ
ਮੁਹਾਲੀ ਦੇ ਸੈਕਟਰ 63 ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਵਿੱਚ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ 5ਵੇਂ ਕੇਸਾਧਾਰੀ ਲੀਗ ਹਾਕੀ ਗੋਲਡ ਕੱਪ ਅੰਡਰ-19 ਵਿੱਚ ਰਾਊਂਡ ਗਲਾਸ (ਮਿਸਲ ਡੱਲੇਵਾਲੀਆ) ਦੀ ਟੀਮ ਨੇ ਨਾਮਧਾਰੀ ਸਪੋਰਟਸ ਅਕੈਡਮੀ (ਮਿਸਲ ਨਿਸ਼ਾਨਾਂਵਾਲੀ) ਨੂੰ 4-1 ਦੇ ਫ਼ਰਕ ਨਾਲ ਹਰਾ ਕੇ ਖਿਤਾਬੀ ਜਿੱਤੀ ਹਾਸਲ ਕੀਤੀ ਹੈ ਅਤੇ ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਮਿਸਲ ਰਾਮਗੜ੍ਹੀਆ ਤੀਜੇ ਸਥਾਨ ’ਤੇ ਰਹੀ ਹੈ। ਕੌਂਸਲ ਦੇ ਪ੍ਰਧਾਨ ਜਸਬੀਰ ਸਿੰਘ ਮੁਹਾਲੀ ਦੀ ਅਗਵਾਈ ਵਿੱਚ ਕਰਵਾਏ ਗਏ ਟੂਰਨਾਮੈਂਟ ਦੇ ਅਖੀਰਲੇ ਦਿਨ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ; ਵਿਸ਼ੇਸ਼ ਮਹਿਮਾਨ ਵਜੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਉਨ੍ਹਾਂ ਕੌਂਸਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕੌਂਸਲ ਨੂੰ ਦੋ ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਸੰਗਰੂਰ ਦੇ ਖਿਡਾਰੀ ਜੋਬਨਜੋਤ ਸਿੰਘ ਨੂੰ ਮੈਨ ਆਫ ਦਾ ਮੈਚ ਐਵਾਰਡ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਜਗਜੀਤ ਸਿੰਘ ਨੂੰ ਮੈਨ ਆਫ ਦੀ ਟੂਰਨਾਮੈਂਟ, ਨਾਮਧਾਰੀ ਟੀਮ ਦੇ ਮਨਦੀਪ ਸਿੰਘ ਨੂੰ ਸਰਵੋਤਮ ਫਾਰਵਰਡ, ਸੰਗਰੂਰ ਦੇ ਸ਼ਰਨਜੀਤ ਸਿੰਘ ਨੂੰ ਸਰਵੋਤਮ ਡਿਫੈਂਡਰ, ਰਾਊਂਡ ਗਲਾਸ ਦੇ ਜੀਵਨ ਸਿੰਘ ਨੂੰ ਸਰਵੋਤਮ ਗੋਲਕੀਪਰ ਅਤੇ ਰਾਊਂਡ ਗਲਾਸ ਦੇ ਗੁਰਵਿੰਦਰ ਸਿੰਘ ਨੂੰ ਟਾਪ ਸਕੋਰਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਟੂਰਨਾਮੈਂਟ ਵਿੱਚ ਕੌਮਾਂਤਰੀ ਖਿਡਾਰਨ ਜੁਆਏ ਬੈਦਵਾਣ (ਸ਼ਾਟਪੁੱਟ) ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

